
ਗਾਜ਼ਾ, 04 ਦਸੰਬਰ (ਹਿ.ਸ.)। ਗਾਜ਼ਾ ਪੱਟੀ ਵਿੱਚ ਜੰਗ ਅੱਜ (ਸੋਮਵਾਰ) ਆਪਣੇ 59ਵੇਂ ਦਿਨ ਵਿੱਚ ਹੋਰ ਭਿਆਨਕ ਹੋ ਗਈ। ਰਣਨੀਤੀ ‘ਚ ਅਚਾਨਕ ਬਦਲਾਅ ਕਰਦੇ ਹੋਏ ਇਜ਼ਰਾਈਲ ਨੇ ਫਲਸਤੀਨ ਦੇ ਨਾਮੀ ਅੱਤਵਾਦੀ ਸੰਗਠਨ ਹਮਾਸ ਦੇ ਖਿਲਾਫ ਜ਼ਮੀਨੀ ਹਮਲੇ ਤੇਜ਼ ਕਰ ਦਿੱਤੇ ਹਨ। ਫੌਜ ਬਖਤਰਬੰਦ ਵਾਹਨਾਂ ਨਾਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦੌਰਾਨ ਇਜ਼ਰਾਈਲ ਦੀ ਖੁਫੀਆ ਏਜੰਸੀ ਸ਼ਿਨ ਬੇਟ ਨੇ ਕਿਹਾ ਹੈ ਕਿ ਲੇਬਨਾਨ, ਤੁਰਕੀ ਅਤੇ ਕਤਰ ਵਿੱਚ ਲੁਕੇ ਹਮਾਸ ਦੇ ਅੱਤਵਾਦੀਆਂ ਦੀ ਵੀ ਖੈਰ ਨਹੀਂ। ਇਜ਼ਰਾਈਲ ਨੇ ਨਾਗਰਿਕਾਂ ਨੂੰ ਖਾਨ ਯੂਨਿਸ ਸ਼ਹਿਰ ਨੂੰ ਤੁਰੰਤ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ।
ਪ੍ਰਮੁੱਖ ਅਖਬਾਰ ਟਾਈਮਜ਼ ਆਫ ਇਜ਼ਰਾਈਲ ਨੇ ਅੰਦਰੂਨੀ ਸੁਰੱਖਿਆ ਮਾਮਲਿਆਂ ਲਈ ਜ਼ਿੰਮੇਵਾਰ ਖੁਫੀਆ ਏਜੰਸੀ ਸ਼ਿਨ ਬੇਟ ਅਤੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅਖਬਾਰ ਦੇ ਅਨੁਸਾਰ, ਆਈਡੀਐੱਫ ਨੇ ਦੱਖਣੀ ਗਾਜ਼ਾ ਵਿੱਚ ਜ਼ਮੀਨੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਆਈਡੀਐੱਫ ਨੇ ਹਮਾਸ ਦੇ ਕਬਜ਼ੇ ਤੋਂ ਬੰਧਕਾਂ ਨੂੰ ਛੁਡਾਉਣ ਦੀ ਸਹੁੰ ਖਾਧੀ ਹੈ। ਇਸ ਦੌਰਾਨ ਲੇਬਨਾਨ ਤੋਂ ਇਜ਼ਰਾਈਲ ‘ਤੇ ਦਾਗੀਆਂ ਗਈਆਂ ਮਿਜ਼ਾਈਲਾਂ ‘ਚ ਦੋ ਹੋਰ ਆਈਡੀਐੱਫ ਸੈਨਿਕਾਂ ਦੀ ਮੌਤ ਹੋ ਗਈ।
ਆਈਡੀਐੱਫ ਨੇ ਕਿਹਾ ਹੈ ਕਿ ਹੁਣ ਦੱਖਣੀ ਗਾਜ਼ਾ ਵਿੱਚ ਹਮਾਸ ਦੇ ਇੱਕ ਵੀ ਅੱਤਵਾਦੀ ਨੂੰ ਜ਼ਿੰਦਾ ਨਹੀਂ ਛੱਡਿਆ ਜਾਵੇਗਾ। ਆਈਡੀਐੱਫ ਦੇ ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਹਰਜ਼ੀ ਹਲੇਵੀ ਨੇ ਕਿਹਾ ਕਿ ਇਸ ਲੜਾਈ ਵਿੱਚ ਹਮਾਸ ਬਟਾਲੀਅਨ ਦੇ ਕਮਾਂਡਰ, ਕੰਪਨੀ ਕਮਾਂਡਰ ਅਤੇ ਇਸਦੇ ਕਈ ਕਾਰਕੁਨ ਮਾਰੇ ਗਏ ਹਨ।
ਦਿ ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁੱਲਰਹਿਮਾਨ ਅਲ-ਥਾਨੀ ਨਾਲ ਇਸ ਸਬੰਧ ‘ਚ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ‘ਤੇ ਚਰਚਾ ਕੀਤੀ ਹੈ। ਦੂਜੇ ਪਾਸੇ, ਭਾਰੀ ਬੰਬਾਰੀ ਦੇ ਵਿਚਕਾਰ, ਆਈਡੀਐੱਫ ਨੇ ਐਤਵਾਰ ਨੂੰ ਇੱਕ ਆਦੇਸ਼ ਜਾਰੀ ਕੀਤਾ ਕਿ ਗਾਜ਼ਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਨ ਯੂਨਿਸ ਦੇ ਆਲੇ ਦੁਆਲੇ ਦੇ ਖੇਤਰਾਂ ਨੂੰ ਖਾਲੀ ਕਰਨਾ ਹੋਵੇਗਾ, ਕਿਉਂਕਿ ਹਮਾਸ ਦੇ ਕਈ ਸੀਨੀਅਰ ਕਮਾਂਡਰ ਇੱਥੇ ਲੁਕੇ ਹੋਏ ਹਨ। ਆਈਡਐੱਫ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ 800 ਤੋਂ ਵੱਧ ਸੁਰੰਗਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਨ੍ਹਾਂ ਸੁਰੰਗਾਂ ਦੇ ਅੰਦਰੋਂ ਹਥਿਆਰ ਮਿਲੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
