ਲੰਡਨ, 02 ਦਸੰਬਰ (ਹਿ. ਸ.)। ਬਰਤਾਨੀਆ ਵਿਚ ਲਾਪਤਾ ਹੋਏ 23 ਸਾਲਾ ਭਾਰਤੀ ਵਿਦਿਆਰਥੀ ਮੀਤ ਕੁਮਾਰ ਪਟੇਲ ਦੀ ਲੰਡਨ ਵਿਚ ਟੇਮਜ਼ ਨਦੀ ਵਿਚ ਲਾਸ਼ ਮਿਲੀ ਹੈ। ਮੀਤ ਕੁਮਾਰ ਸਤੰਬਰ ਵਿੱਚ ਪੜ੍ਹਾਈ ਲਈ ਬਰਤਾਨੀਆ ਪਹੁੰਚਿਆ ਸੀ। 17 ਨਵੰਬਰ ਨੂੰ ਉਸਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਸਥਾਨਕ ਈਵਨਿੰਗ ਸਟੈਂਡਰਡ ਅਖਬਾਰ ਦੇ ਅਨੁਸਾਰ ਮੈਟਰੋਪੋਲੀਟਨ ਪੁਲਿਸ ਨੇ 21 ਨਵੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਘਾਟ ਖੇਤਰ ਦੇ ਨੇੜੇ ਟੇਮਜ਼ ਨਦੀ ਵਿੱਚ ਉਸਦੀ ਲਾਸ਼ ਦੀ ਬਰਾਮਦ ਕੀਤੀ। ਪੈਰਾਮੈਡਿਕਸ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕਿਹਾ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਜਾਂਚ ਚੱਲ ਰਹੀ ਹੈ।
ਇਸ ਅਖਬਾਰ ਮੁਤਾਬਕ ਮੀਤ ਕੁਮਾਰ ਨੇ ਸ਼ੈਫੀਲਡ ਹਾਲਮ ਯੂਨੀਵਰਸਿਟੀ ਤੋਂ ਡਿਗਰੀ ਅਤੇ ਐਮਾਜ਼ਾਨ ‘ਤੇ ਪਾਰਟ-ਟਾਈਮ ਨੌਕਰੀ ਸ਼ੁਰੂ ਕਰਨੀ ਸੀ। ਉਸਨੇ 20 ਨਵੰਬਰ ਨੂੰ ਸ਼ੈਫੀਲਡ ਪਹੁੰਚਣਾ ਸੀ। ਰੋਜ਼ਾਨਾ ਸੈਰ ਕਰਨ ਤੋਂ ਬਾਅਦ ਜਦੋਂ ਉਹ ਲੰਡਨ ਸਥਿਤ ਆਪਣੇ ਘਰ ਵਾਪਸ ਨਹੀਂ ਪਰਤਿਆ ਤਾਂ ਉਸਦੇ ਰਿਸ਼ਤੇਦਾਰਾਂ ਨੇ ਉਸਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕਿਸਾਨ ਪਰਿਵਾਰ ਨਾਲ ਸਬੰਧਤ ਮੀਤ ਕੁਮਾਰ ਦੇ ਪਰਿਵਾਰ ਦੀ ਮਦਦ ਕਰਨ ਲਈ, ਲੰਡਨ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੇ ਪੈਸੇ ਇਕੱਠੇ ਕਰਨ ਅਤੇ ਉਸਦੀ ਲਾਸ਼ ਨੂੰ ਭਾਰਤ ਭੇਜਣ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ। ਲੰਡਨ ਵਿੱਚ ਇਕੱਠੇ ਕੀਤੇ ਫੰਡ ਭਾਰਤ ਵਿੱਚ ਮੀਤ ਕੁਮਾਰ ਦੇ ਪਰਿਵਾਰ ਨੂੰ ਟਰਾਂਸਫਰ ਕੀਤੇ ਜਾਣਗੇ।
ਉਨ੍ਹਾਂ ਦੇ ਰਿਸ਼ਤੇਦਾਰ ਪਾਰਥ ਪਟੇਲ ਨੇ ਗੋ ਫੰਡ ਮੀ ਆਨਲਾਈਨ ਫੰਡਰੇਜ਼ਰ ਲਾਂਚ ਕਰਕੇ ਪਿਛਲੇ ਹਫਤੇ ਤੋਂ ਲਗਭਗ 4.74 ਲੱਖ ਰੁਪਏ (4,500 ਪੌਂਡ) ਤੋਂ ਵੱਧ ਇਕੱਠੇ ਕੀਤੇ ਹਨ। ਫੰਡ ਇਕੱਠਾ ਕਰਨ ਦੀ ਅਪੀਲ ਵਿੱਚ ਕਿਹਾ ਗਿਆ ਹੈ ਕਿ 23 ਸਾਲਾ ਮੀਤ ਪਟੇਲ 19 ਸਤੰਬਰ 2023 ਨੂੰ ਉਚੇਰੀ ਪੜ੍ਹਾਈ ਲਈ ਯੂਕੇ ਆਇਆ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਮੀਤ ਨੇ ‘ਲਾਪਤਾ’ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇਕ ਆਡੀਓ ਸੰਦੇਸ਼ ਭੇਜਿਆ ਸੀ। ਉਸਦਾ ਪਰਿਵਾਰ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੀ ਚਾਣਸਮਾ ਤਹਿਸੀਲ ਦੇ ਰਣਾਸਣ ਪਿੰਡ ਵਿੱਚ ਰਹਿੰਦਾ ਹੈ। ਮੀਤ ਨੇ ਕਿਹਾ ਸੀ ਕਿ ਉਹ ਮਾਨਸਿਕ ਤਸ਼ੱਦਦ ਤੋਂ ਤੰਗ ਆ ਕੇ ਖੁਦਕੁਸ਼ੀ ਦਾ ਰਾਹ ਅਪਣਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
