


ਗਾਜ਼ਾ ਪੱਟੀ, 02 ਦਸੰਬਰ (ਹਿ.ਸ.)। ਗਾਜ਼ਾ ਪੱਟੀ ਵਿੱਚ ਜੰਗਬੰਦੀ ਟੁੱਟਣ ਤੋਂ ਬਾਅਦ ਅੱਠਵੇਂ ਦਿਨ ਤੋਂ ਇੱਕ ਵਾਰ ਫਿਰ ਟੈਂਕ ਜ਼ਮੀਨ ਉੱਤੇ ਅਤੇ ਰਾਕੇਟ ਅਤੇ ਮਿਜ਼ਾਈਲਾਂ ਅਸਮਾਨ ਵਿੱਚ ਗਰਜ ਰਹੀਆਂ ਹਨ। ਫਲਸਤੀਨੀ ਅੱਤਵਾਦੀ ਸੰਗਠਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨ ਤੋਂ ਬਾਅਦ ਸ਼ੁਰੂ ਹੋਈ ਝੜਪ ਰਾਤ ਭਰ ਜਾਰੀ ਰਹੀ। ਅੱਜ (ਸ਼ਨੀਵਾਰ) ਸਵੇਰੇ ਵੀ ਕਈ ਇਲਾਕਿਆਂ ਵਿੱਚ ਇਜ਼ਰਾਇਲੀ ਸੁਰੱਖਿਆ ਬਲਾਂ ਅਤੇ ਹਮਾਸ ਦੇ ਅੱਤਵਾਦੀਆਂ ਵਿਚਾਲੇ ਝੜਪਾਂ ਹੋਈਆਂ ਹਨ।
ਦਿ ਟਾਈਮਜ਼ ਆਫ ਇਜ਼ਰਾਈਲ ਅਖਬਾਰ ਮੁਤਾਬਕ ਜੰਗਬੰਦੀ ਟੁੱਟਣ ਤੋਂ ਬਾਅਦ ਦੱਖਣੀ ਗਾਜ਼ਾ ‘ਚ ਰਾਤ ਭਰ ਭਿਆਨਕ ਲੜਾਈ ਹੋਈ। ਇਸ ਤੋਂ ਇਲਾਵਾ ਇਜ਼ਰਾਇਲੀ ਜੈੱਟ ਜਹਾਜ਼ਾਂ ਨੇ ਦਮਿਸ਼ਕ ਨੇੜੇ ਵੀ ਹਮਲਾ ਕੀਤਾ ਹੈ। ਇਸ ਨਾਲ ਉਥੇ ਭਾਰੀ ਨੁਕਸਾਨ ਹੋਇਆ ਹੈ। ਇਜ਼ਰਾਇਲੀ ਫੌਜ ਨੇ ਗਾਜ਼ਾ ਵਿੱਚ ਹਮਾਸ ਅਤੇ ਹੋਰ ਅੱਤਵਾਦੀ ਸਮੂਹਾਂ ਦੇ ਖਿਲਾਫ ਹਮਲਾਵਰ ਰੁਖ ਅਖਤਿਆਰ ਕੀਤਾ ਹੈ। ਫਲਸਤੀਨੀ ਐਨਕਲੇਵ ਦੇ ਦੱਖਣੀ ਹਿੱਸੇ ਵਿੱਚ ਅਜੇ ਵੀ ਗੋਲੀਬਾਰੀ ਜਾਰੀ ਹੈ।
ਇਸ ਅਖਬਾਰ ਮੁਤਾਬਕ ਖਾਨ ਯੂਨਿਸ ਅਤੇ ਰਾਫਾ ਇਲਾਕੇ ‘ਚ ਵੀ ਤਿੱਖੀ ਲੜਾਈ ਚੱਲ ਰਹੀ ਹੈ। ਖਾਨ ਯੂਨਿਸ ’ਚ ਹਮਾਸ ਦੇ ਖੌਫਨਾਕ ਕਮਾਂਡਰ ਮੌਜੂਦ ਹਨ। ਇਜ਼ਰਾਇਲੀ ਸੁਰੱਖਿਆ ਬਲਾਂ ਨੇ ਗਾਜ਼ਾ ਸ਼ਹਿਰ ਅਤੇ ਬੇਤ ਲਾਹੀਆ ਵਿੱਚ ਘੇਰਾਬੰਦੀ ਸਖ਼ਤ ਕਰ ਦਿੱਤੀ ਹੈ। ਇਜ਼ਰਾਇਲੀ ਸੁਰੱਖਿਆ ਬਲਾਂ ਨੇ ਖਾਨ ਯੂਨਿਸ ਦੇ ਲੋਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਚਿਤਾਵਨੀ ਦਿੱਤੀ ਹੈ।
ਇਸ ਪੂਰੇ ਘਟਨਾਕ੍ਰਮ ‘ਤੇ ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਐਕਸ ‘ਤੇ ਕਿਹਾ ਹੈ ਕਿ ਆਈਡੀਐੱਫ ਬੰਧਕਾਂ ਨੂੰ ਹਮਾਸ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵਚਨਬੱਧ ਹੈ। 24 ਘੰਟਿਆਂ ਦੇ ਅੰਦਰ, ਗਾਜ਼ਾ ਵਿੱਚ ਹਮਾਸ ਦੇ ਸੰਚਾਲਨ ਕਮਾਂਡ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਗਿਆ। ਹਮਾਸ ਦੇ ਅੱਤਵਾਦੀ ਇਨ੍ਹਾਂ ਭੂਮੀਗਤ ਕੇਂਦਰਾਂ ਤੋਂ ਹਮਲੇ ਕਰ ਰਹੇ ਸਨ। ਇਜ਼ਰਾਈਲ ਦੀਆਂ ਜ਼ਮੀਨੀ ਅਤੇ ਹਵਾਈ ਫੌਜਾਂ ਦੇ ਹਮਲੇ ਵਿੱਚ ਹਮਾਸ ਨੂੰ ਭਾਰੀ ਨੁਕਸਾਨ ਹੋਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
