ਨਿਊਯਾਰਕ, 01 ਦਸੰਬਰ (ਹਿ.ਸ.)। ਇਜ਼ਰਾਈਲ ਨੂੰ ਇਕ ਸਾਲ ਪਹਿਲਾਂ ਸੁਰਾਗ ਮਿਲਿਆ ਸੀ ਕਿ ਫਲਸਤੀਨ ਦਾ ਅੱਤਵਾਦੀ ਸੰਗਠਨ ਹਮਾਸ ਉਸ ‘ਤੇ ਹਮਲਾ ਕਰ ਸਕਦਾ ਹੈ। ਪਰ ਇਜ਼ਰਾਈਲੀ ਫੌਜੀ ਅਤੇ ਖੁਫੀਆ ਅਧਿਕਾਰੀਆਂ ਦਾ ਮੰਨਣਾ ਸੀ ਕਿ ਹਮਾਸ ਲਈ ਅਜਿਹਾ ਕਰਨਾ ਮੁਸ਼ਕਲ ਹੋਵੇਗਾ। ਇਸ ਲਈ ਇਸ ਸੂਚਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਹ ਦਾਅਵਾ ਅਮਰੀਕਾ ਦੇ ਪ੍ਰਮੁੱਖ ਅਖਬਾਰ ‘ਨਿਊਯਾਰਕ ਟਾਈਮਜ਼’ ਨੇ ਆਪਣੀ ਰਿਪੋਰਟ ‘ਚ ਕੀਤਾ ਹੈ।
ਅਮਰੀਕੀ ਅਖਬਾਰ ‘ਦਿ ਨਿਊਯਾਰਕ ਟਾਈਮਜ਼’ ਮੁਤਾਬਕ ਦਸਤਾਵੇਜ਼, ਈ-ਮੇਲ ਅਤੇ ਇੰਟਰਵਿਊ ਤੋਂ ਪਤਾ ਚੱਲਦਾ ਹੈ ਕਿ ਇਜ਼ਰਾਇਲੀ ਅਧਿਕਾਰੀਆਂ ਨੂੰ 7 ਅਕਤੂਬਰ ਨੂੰ ਹੋਏ ਅੱਤਵਾਦੀ ਹਮਲੇ ਲਈ ਹਮਾਸ ਦੀ ਲੜਾਈ ਦੀ ਯੋਜਨਾ ਇਕ ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਮਿਲ ਗਈ ਸੀ। ਇਹ ਲਗਭਗ 40 ਪੰਨਿਆਂ ਦਾ ਦਸਤਾਵੇਜ਼ ਹੈ। ਇਜ਼ਰਾਈਲੀ ਅਧਿਕਾਰੀਆਂ ਨੇ ਇਸ ਦਾ ਨਾਮ ‘ਜੇਰੀਕੋ ਵਾਲ’ ਰੱਖਿਆ ਸੀ।
ਦਿ ਨਿਊਯਾਰਕ ਟਾਈਮਜ਼ ਨੇ ਇਸ ਦਸਤਾਵੇਜ਼ ਦੀ ਸਮੀਖਿਆ ਕੀਤੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ‘ਜੇਰੀਕੋ ਵਾਲ’ ਹਮਲੇ ਦੀ ਕੋਈ ਨਿਰਧਾਰਤ ਮਿਤੀ ਨਹੀਂ ਸੀ ਪਰ ਇਹ ਗਾਜ਼ਾ ਪੱਟੀ ਦੇ ਆਲੇ-ਦੁਆਲੇ ਕਿਲਾਬੰਦੀਆਂ ਨੂੰ ਨਸ਼ਟ ਕਰਨ, ਇਜ਼ਰਾਈਲੀ ਸ਼ਹਿਰਾਂ ‘ਤੇ ਕਬਜ਼ਾ ਕਰਨ ਅਤੇ ਇਕ ਡਿਵੀਜ਼ਨ ਸਮੇਤ ਪ੍ਰਮੁੱਖ ਫੌਜੀ ਟਿਕਾਣਿਆਂ ‘ਤੇ ਹਮਲਾ ਕਰਨ ਲਈ ਡਿਜ਼ਾਈਨ ਕੀਤੇ ਗਏ ਯੋਜਨਾਬੱਧ ਹਮਲੇ ਦਾ ਜ਼ਿਕਰ ਹੈ।
ਅਖਬਾਰ ਦਾ ਕਹਿਣਾ ਹੈ ਕਿ ਹਮਾਸ ਨੇ ਹੈਰਾਨ ਕਰਨ ਵਾਲੀ ਸਟੀਕਤਾ ਨਾਲ ਆਪਣੇ ਬਲੂਪ੍ਰਿੰਟ ਦੇ ਅਨੁਸਾਰ ਇਹ ਹਮਲਾ ਕੀਤਾ। ਦਸਤਾਵੇਜ਼ ਵਿੱਚ ਹਮਲੇ ਦੀ ਸ਼ੁਰੂਆਤ ਵਿੱਚ ਰਾਕਟਾਂ ਦੀ ਬੌਛਾਰ, ਸੀਮਾ ਸੁਰੱਖਿਆ ਕੈਮਰਿਆਂ ਅਤੇ ਆਟੋਮੈਟਿਕ ਮਸ਼ੀਨ ਗਨ ਨੂੰ ਖਤਮ ਕਰਨ ਲਈ ਡਰੋਨ ਅਤੇ ਪੈਰਾਗਲਾਈਡਰ, ਮੋਟਰਸਾਈਕਲ ਅਤੇ ਪੈਦਲ ਬੰਦੂਕਧਾਰੀਆਂ ਨੂੰ ਸਮੂਹਿਕ ਰੂਪ ’ਚ ਇਜ਼ਰਾਈਲ ਵਿੱਚ ਦਾਖਲ ਹੋਣ ਦਾ ਸੱਦਾ ਦਿੱਤਾ ਗਿਆ ਸੀ। …ਅਤੇ ਇਹ ਸਭ ਕੁਝ 7 ਅਕਤੂਬਰ ਨੂੰ ਇਜ਼ਰਾਈਲ ਵਿੱਚ ਹੋਇਆ। ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜਾਂ ਹੋਰ ਪ੍ਰਮੁੱਖ ਸਿਆਸੀ ਨੇਤਾਵਾਂ ਨੇ ਦਸਤਾਵੇਜ਼ ਦੇਖੇ ਸਨ ਜਾਂ ਨਹੀਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
