
ਕਾਠਮਾਂਡੂ, 30 ਨਵੰਬਰ (ਹਿ.ਸ.)। ਨੇਪਾਲ ਦੀ ਰਾਜਧਾਨੀ ਕਾਠਮਾਂਡੂ ‘ਚ ਗੁਟਖਾ ਸਮੇਤ ਸਾਰੇ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵੰਡ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ‘ਤੇ ਪਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਕਾਠਮਾਂਡੂ ਨਗਰ ਨਿਗਮ ਨੇ 13 ਦਸੰਬਰ ਤੋਂ ਕਿਸੇ ਵੀ ਤਰ੍ਹਾਂ ਦੇ ਗੁਟਖਾ, ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵੰਡ ‘ਤੇ ਪਾਬੰਦੀ ਦਾ ਐਲਾਨ ਕਰਦੇ ਹੋਏ ਇਕ ਨੋਟਿਸ ਜਾਰੀ ਕੀਤਾ ਹੈ। ਨਗਰ ਨਿਗਮ ਦੇ ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਟਖਾ, ਪਾਨ ਮਸਾਲਾ ਜਾਂ ਹੋਰ ਤੰਬਾਕੂ ਉਤਪਾਦਾਂ ਦੀ ਕਿਸੇ ਵੀ ਰੂਪ ਵਿੱਚ ਖੁੱਲ੍ਹੀ, ਪੈਕਿੰਗ ਜਾਂ ਰੀਬ੍ਰਾਂਡਿੰਗ ਸਮੇਤ ਵਿਕਰੀ ਅਤੇ ਵੰਡ ‘ਤੇ ਮੁਕੰਮਲ ਪਾਬੰਦੀ ਹੈ। ਇਸ ਨਾਲ ਜੁੜੇ ਸਾਰੇ ਕਾਰੋਬਾਰੀਆਂ, ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ 13 ਦਸੰਬਰ ਤੋਂ ਇਸ ਨੂੰ ਵੇਚਣ, ਵੰਡਣ ਜਾਂ ਸਟੋਰ ਨਾ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਨਗਰ ਨਿਗਮ ਨੇ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ਦੀ ਮਨਾਹੀ ਸਬੰਧੀ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਨੇਪਾਲ ਦੇ ਕਾਨੂੰਨ ਅਨੁਸਾਰ ਬੱਸ ਸਟੈਂਡ, ਹਵਾਈ ਅੱਡਾ, ਵਿੱਦਿਅਕ ਸੰਸਥਾ, ਬਾਲ ਕਲਿਆਣ ਘਰ, ਪਬਲਿਕ ਟਾਇਲਟ, ਹੋਟਲ, ਰੈਸਟੋਰੈਂਟ, ਹੋਸਟਲ, ਜਿੰਮ, ਡਿਪਾਰਟਮੈਂਟਲ ਸਟੋਰ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਧਰਮਸ਼ਾਲਾ, ਪਬਲਿਕ ਵੇਟਿੰਗ ਰੂਮ, ਧਾਰਮਿਕ ਸਥਾਨਾਂ, ਮੀਟਿੰਗਾਂ, ਕਾਨਫਰੰਸਾਂ, ਜਲੂਸ ਅਤੇ ਪ੍ਰਦਰਸ਼ਨਾਂ ਸਮੇਤ ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ‘ਤੇ ਪੂਰਨ ਪਾਬੰਦੀ ਹੈ। ਇਨ੍ਹਾਂ ਥਾਵਾਂ ‘ਤੇ ਨੋ ਸਮੋਕਿੰਗ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
