ਚੰਡੀਗੜ੍ਹ, 29 ਨਵੰਬਰ (ਹਿ. ਸ.)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋ ਘੰਟੇ ਦੀ ਪੈਰੋਲ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਤਾਰਾ ਦੀ ਭਤੀਜੀ ਦਾ 3 ਦਸੰਬਰ ਨੂੰ ਵਿਆਹ ਹੈ ਜਿਸ ’ਚ ਜਗਤਾਰ ਸਿੰਘ ਤਾਰਾ ਨੇ ਸ਼ਾਮਲ ਹੋਣਾ ਹੈ।
ਜਿਕਰਯੋਗ ਹੈ ਕਿ ਜਗਤਾਰ ਸਿੰਘ ਤਾਰਾ ਦੇ ਭਰਾ ਦੀ ਅਪ੍ਰੈਲ ’ਚ ਮੌਤ ਹੋ ਚੁੱਕੀ ਹੈ। ਇਸ ਲਈ ਜਗਤਾਰ ਸਿੰਘ ਤਾਰਾ ਨੇ ਆਪਣੀ ਭਤੀਜੀ ਦੀ ਵਿਆਹ ’ਚ ਸ਼ਾਮਲ ਹੋਣ ਦੇ ਲਈ ਪੈਰੋਲ ਮੰਗੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਜਗਤਾਰ ਤਾਰਾ ਨੂੰ ਪੁਲਿਸ ਕਸਟਡੀ ’ਚ 3 ਦਸੰਬਰ ਨੂੰ ਸਵੇਰ 11 ਵਜੇ ਤੋਂ 1 ਵਜੇ ਦੇ ਵਿਚਾਲੇ ਦੋ ਘੰਟੇ ਦੇ ਲਈ ਭਤੀਜੀ ਦੋ ਵਿਆਹ ’ਚ ਸ਼ਾਮਲ ਹੋਣ ਦੀ ਇਜ਼ਾਜਤ ਦੇ ਦਿੱਤੀ ਹੈ।
ਹਾਲਾਂਕਿ ਜਗਤਾਰ ਸਿੰਘ ਤਾਰਾ ਨੇ ਸਵੇਰ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਲਈ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਗਤਾਰ ਸਿੰਘ ਤਾਰਾ ਦੀ ਭਤੀਜੀ ਦਾ ਰੋਪੜ ਦੇ ਪਿੰਡ ਮੁਗਲ ਮਾਜਰੀ ਦੇ ਗੁਰਦੁਆਰਾ ਸਾਹਿਬ ’ਚ 3 ਦਸੰਬਰ ਨੂੰ ਆਨੰਦ ਕਾਰਜ ਹੋਣਾ ਹੈ। ਜਗਤਾਰ ਸਿੰਘ ਤਾਰਾ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਹੈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
