ਨਵੀਂ ਦਿੱਲੀ, 28 ਨਵੰਬਰ (ਹਿ. ਸ.)। ਮਿਲੇ-ਜੁਲੇ ਗਲੋਬਲ ਸੰਕੇਤਾਂ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਅੱਜ ਦਬਾਅ ‘ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅੱਜ ਬਾਜ਼ਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ। ਸ਼ੁਰੂਆਤੀ ਵਪਾਰ ਵਿੱਚ ਮਾਮੂਲੀ ਖਰੀਦਦਾਰੀ ਵੀ ਹੋਈ, ਪਰ ਇਸ ਤੋਂ ਬਾਅਦ ਵਿਕਰੇਤਾਵਾਂ ਨੇ ਆਪਣਾ ਦਬਾਅ ਵਧਾ ਦਿੱਤਾ। ਕਾਰੋਬਾਰ ਦੌਰਾਨ 11:30 ਵਜੇ ਤੱਕ ਸੈਂਸੈਕਸ 38.01 ਅੰਕ ਭਾਵ 0.058 ਫੀਸਦੀ ਦੀ ਗਿਰਾਵਟ ਨਾਲ 65,932.03 ਅੰਕ ਦੇ ਪੱਧਰ ’ਤੇ ਅਤੇ ਨਿਫਟੀ 23.25 ਅੰਕ ਭਾਵ 0.12 ਫੀਸਦੀ ਦੀ ਮਜ਼ਬੂਤੀ ਨਾਲ 19,817.95 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਸ਼ੁਰੂਆਤੀ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਅਡਾਨੀ ਐਂਟਰਪ੍ਰਾਈਜ਼, ਅਡਾਨੀ ਪੋਰਟਸ, ਬੀਪੀਸੀਐੱਲ, ਟਾਟਾ ਮੋਟਰਜ਼ ਅਤੇ ਹਿੰਡਾਲਕੋ ਇੰਡਸਟਰੀਜ਼ ਦੇ ਸ਼ੇਅਰ 6.76 ਫੀਸਦੀ ਤੋਂ 1.77 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ, ਐੱਸਬੀਆਈ ਲਾਈਫ ਇੰਸ਼ੋਰੈਂਸ, ਐੱਚਸੀਐੱਲ ਟੈਕਨਾਲੋਜੀ, ਐੱਲਟੀ ਮਾਈਂਡਟ੍ਰੀ, ਟੈਕ ਮਹਿੰਦਰਾ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 0.99 ਤੋਂ 0.68 ਫੀਸਦੀ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 19 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ‘ਚ 11 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 32 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 18 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦੇ ਸੈਂਸੈਕਸ ਨੇ ਅੱਜ 93.68 ਅੰਕਾਂ ਦੇ ਵਾਧੇ ਨਾਲ 66,063.72 ਅੰਕਾਂ ‘ਤੇ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਸ਼ੁਰੂ ਹੁੰਦੇ ਹੀ ਇਹ ਸੂਚਕਾਂਕ ਮਾਮੂਲੀ ਖਰੀਦਦਾਰੀ ਦੇ ਸਮਰਥਨ ਨਾਲ 66,098.80 ਅੰਕਾਂ ਦੇ ਪੱਧਰ ‘ਤੇ ਛਾਲ ਮਾਰ ਗਿਆ, ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਲਗਾਤਾਰ ਹੇਠਾਂ ਡਿੱਗਦਾ ਰਿਹਾ। ਹਾਲਾਂਕਿ, ਖਰੀਦਦਾਰਾਂ ਨੇ ਵੀ ਰੁਕ-ਰੁਕ ਕੇ ਖਰੀਦਦਾਰੀ ਕਰਕੇ ਬਾਜ਼ਾਰ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕੀਤੀ।
ਸੈਂਸੈਕਸ ਵਾਂਗ ਅੱਜ ਐੱਨਐੱਸਈ ਦਾ ਨਿਫਟੀ ਵੀ 49.95 ਅੰਕਾਂ ਦੇ ਵਾਧੇ ਨਾਲ 19,844.65 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਦੀ ਸ਼ੁਰੂਆਤ ‘ਚ ਕੀਤੀ ਗਈ ਖਰੀਦਦਾਰੀ ਕਾਰਨ ਇਸ ਸੂਚਕਾਂਕ ਦੀ ਗਤੀ ‘ਚ ਮਾਮੂਲੀ ਵਾਧਾ ਹੋਇਆ, ਜਿਸ ਕਾਰਨ ਇਹ 19,848.05 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਇਸ ਸੂਚਕਾਂਕ ਦੀ ਰਫ਼ਤਾਰ ਵੀ ਹੌਲੀ ਹੋ ਗਈ। ਹਾਲਾਂਕਿ ਕਾਰੋਬਾਰ ਦੇ ਪਹਿਲੇ ਘੰਟੇ ‘ਚ ਇਹ ਸੂਚਕਾਂਕ ਹਰੇ ਨਿਸ਼ਾਨ ‘ਤੇ ਰਿਹਾ ਪਰ ਇਸ ‘ਤੇ ਲਗਾਤਾਰ ਦਬਾਅ ਬਣਿਆ ਰਿਹਾ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 47.77 ਅੰਕ ਜਾਂ 0.07 ਫੀਸਦੀ ਦੀ ਕਮਜ਼ੋਰੀ ਨਾਲ 65,970.04 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 7.30 ਅੰਕ ਜਾਂ 0.04 ਫੀਸਦੀ ਦੀ ਗਿਰਾਵਟ ਨਾਲ 19,794.70 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
