
ਦੋਹਾ/ਤੇਲ ਅਵੀਵ/ਵਾਸ਼ਿੰਗਟਨ, 24 ਨਵੰਬਰ (ਹਿ.ਸ.)। ਗਾਜ਼ਾ ਪੱਟੀ ਦੇ ਅਸਮਾਨ ‘ਚ ਰਾਕਟਾਂ ਅਤੇ ਮਿਜ਼ਾਈਲਾਂ ਦੀ ਗਰਜ ਰੁਕਣ ਦੇ ਨਾਲ ਹੀ ਅੱਜ (ਸ਼ੁੱਕਰਵਾਰ) ਸ਼ਾਮ 4 ਵਜੇ ਫਿਲਸਤੀਨ ਦਾ ਅੱਤਵਾਦੀ ਸੰਗਠਨ ਹਮਾਸ ਬੰਧਕ ਬਣਾਏ ਗਏ ਨਾਗਰਿਕਾਂ ਦੇ ਪਹਿਲੇ ਜਥੇ ਨੂੰ ਸੌਂਪੇਗਾ। ਪਹਿਲੇ ਜਥੇ ਵਿੱਚ 13 ਲੋਕ ਹੋਣਗੇ। ਗਾਜ਼ਾ ਪੱਟੀ ਵਿੱਚ ਚਾਰ ਦਿਨਾਂ ਦੀ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਵੇਗੀ।
ਕਤਰ ਦੀ ਰਾਜਧਾਨੀ ਦੋਹਾ ਤੋਂ ਪ੍ਰਕਾਸ਼ਿਤ ਅਖਬਾਰ ਕਤਰ ਟ੍ਰਿਬਿਊਨ ਨੇ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮਾਜਿਦ ਬਿਨ ਮੁਹੰਮਦ ਅਲ ਅੰਸਾਰੀ ਦੇ ਹਵਾਲੇ ਨਾਲ ਇਹ ਅਧਿਕਾਰਤ ਐਲਾਨ ਕੀਤਾ ਹੈ। ਅੰਸਾਰੀ ਨੇ ਕੱਲ੍ਹ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕਤਰ ਦੀ ਵਿਚੋਲਗੀ ਨਾਲ ਹਮਾਸ ਅਤੇ ਇਜ਼ਰਾਈਲ ਚਾਰ ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋਏ ਹਨ। ਰਿਹਾਅ ਕੀਤੇ ਜਾਣ ਵਾਲਿਆਂ ਦੇ ਨਾਵਾਂ ਦੀ ਸੂਚੀ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਬੰਧਕਾਂ ਦਾ ਪਹਿਲਾ ਜੱਥਾ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਸੌਂਪਿਆ ਜਾਵੇਗਾ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹਮਾਸ ਚਾਰ ਦਿਨਾਂ ਵਿੱਚ ਕਰੀਬ 50 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਦੇਵੇਗਾ। ਪਹਿਲੇ ਜਥੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 13 ਲੋਕ ਹੋਣਗੇ। ਡਾਕਟਰ ਅਲ ਅੰਸਾਰੀ ਨੇ ਕਿਹਾ ਕਿ ਬੰਧਕਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਅੰਤਿਮ ਮੰਜ਼ਿਲ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਜੰਗਬੰਦੀ ਦੀ ਮਿਆਦ ਵਧਾਈ ਜਾਵੇਗੀ ਜਾਂ ਨਹੀਂ।
ਅੰਸਾਰੀ ਨੇ ਕਿਹਾ ਕਿ ਰੈੱਡ ਕਰਾਸ ਅਤੇ ਫਿਲਸਤੀਨ ਰੈੱਡ ਕ੍ਰੀਸੈਂਟ ਸੋਸਾਇਟੀ ਬੰਧਕਾਂ ਦੀ ਰਿਹਾਈ ਪ੍ਰਕਿਰਿਆ ਦਾ ਜ਼ਰੂਰੀ ਹਿੱਸਾ ਹੋਵੇਗੀ। ਇਹ ਮਨੁੱਖਤਾਵਾਦੀ ਜੰਗਬੰਦੀ ਹੈ। ਡਾਕਟਰ ਅਲ ਅੰਸਾਰੀ ਨੇ ਕਿਹਾ ਕਿ ਬੰਧਕਾਂ ਨੂੰ ਸੌਂਪਣ ਦਾ ਤਰੀਕਾ ਕੀ ਹੋਵੇਗਾ, ਇਸ ਬਾਰੇ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਇਸ ਜੰਗਬੰਦੀ ਦੇ ਤਹਿਤ ਫਿਲਸਤੀਨੀ ਕੈਦੀਆਂ ਨੂੰ ਬੰਧਕਾਂ ਦੀ ਰਿਹਾਈ ਵਾਂਗ ਹੀ ਸਮਾਂ ਸੀਮਾ ਦੇ ਅੰਦਰ ਇਜ਼ਰਾਈਲੀ ਜੇਲ੍ਹਾਂ ਤੋਂ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਦੌਰਾਨ ਦੋਵੇਂ ਧਿਰਾਂ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕਰਨਗੀਆਂ।
ਦ ਨਿਊਯਾਰਕ ਟਾਈਮਜ਼ ਮੁਤਾਬਕ ਹਮਾਸ ਦੇ ਫੌਜੀ ਵਿੰਗ ਨੇ ਪੁਸ਼ਟੀ ਕੀਤੀ ਹੈ ਕਿ ਜੰਗਬੰਦੀ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਨੇ ਸਮੇਂ ਦੀ ਪੁਸ਼ਟੀ ਨਹੀਂ ਕੀਤੀ, ਪਰ ਕਿਹਾ ਕਿ ਉਨ੍ਹਾਂ ਨੂੰ ਰਿਹਾਅ ਕੀਤੇ ਜਾਣ ਵਾਲੇ ਬੰਧਕਾਂ ਦੇ ਨਾਵਾਂ ਦੀ ਸ਼ੁਰੂਆਤੀ ਸੂਚੀ ਮਿਲ ਗਈ ਹੈ।
ਇਸ ਦੌਰਾਨ, ਇਜ਼ਰਾਈਲ ਰੱਖਿਆ ਬਲਾਂ ਨੇ ਐਕਸ ਹੈਂਡਲ ‘ਤੇ ਕਿਹਾ ਹੈ ਕਿ ਆਈਡੀਐੱਫ ਲੜਾਕੂ ਜਹਾਜ਼ਾਂ ਨੇ ਖਾਨ ਯੂਨਿਸ ਵਿੱਚ ਹਮਾਸ ਨੇਵੀ ਬਲਾਂ ਦੇ ਕਮਾਂਡਰ ਅਮਰ ਅਬੂ ਜਲਾਲਾਹ ਨੂੰ ਮਾਰ ਸੁੱਟਿਆ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਅਖ਼ਬਾਰ ਮੁਤਾਬਕ ਗਾਜ਼ਾ ਵਿੱਚ ਰਹਿ ਰਹੇ 103 ਰੂਸੀ ਨਾਗਰਿਕ ਅੱਜ ਤੜਕੇ ਮਾਸਕੋ ਲਈ ਰਵਾਨਾ ਹੋ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
