ਮਲੇਰਕੋਟਲਾ, 19 ਨਵੰਬਰ (ਹਿ. ਸ.)। ਵਿਸ਼ਵ ਭਰ ’ਚ ਮੁਸਲਿਮ ਭਾਈਚਾਰੇ ‘ਚ ਕੰਮ ਕਰ ਰਹੀ ਤਬਲੀਗੀ ਜਮਾਅਤ ਦੇ ਮਰਕਜ਼ ਹਜ਼ਰਤ ਨਿਜ਼ਾਮੁਦੀਨ ਦਿੱਲੀ ਦੀਆਂ ਹਦਾਇਤਾਂ ਤੇ ਪੰਜਾਬ ਦੇ ਇਤਿਹਾਸਕ ਤੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ‘ਚ ਪੰਜਾਬ ਪੱਧਰ ਦੇ ਸਥਾਨਕ ਲੁਧਿਆਣਾ ਰੋਡ ਵਿਖੇ ਹੋ ਰਹੇ ਸਾਲਾਨਾ ਤਿੰਨ ਰੋਜ਼ਾ ਦੀਨੀ ਤਬਲੀਗੀ ਇਜਤਮਾ ਅੱਜ ਸਵੇਰੇ 6:30 ਵਜੇ (ਬਾਅਦ ਨਮਾਜ਼ ਫਜ਼ਰ) ਪਹਿਲੀ ਮਜਲਿਸ ਦੇ ਸ਼ੁਰੂ ਹੋਣ ਨਾਲ ਆਰੰਭ ਹੋਇਆ, ਜਿਸ ‘ਚ ਮਰਕਜ਼ ਨਿਜ਼ਾਮੂਦੀਨ ਦਿੱਲੀ ਤੋਂ ਆਏ ਮੋਲਾਨਾ ਅਬਦੁਲ ਗੱਫਾਰ ਸਾਹਿਬ ਨੇ ਸਾਰੇ ਪ੍ਰੋਗਰਾਮਾਂ ਦੀ ਰੂਪ ਰੇਖਾ ਸਬੰਧੀ ਪਹੁੰਚੇ ਲੋਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।
ਅੱਜ ਸਵੇਰੇ ਸ਼ੁਰੂ ਹੋਏ ਇਸ ਸਾਲਾਨਾ ਵੱਡੇ ਇਜਤਮਾ ਦੇ ਪ੍ਰੋਗਰਾਮਾਂ ਨੂੰ ਮਸ਼ਵਰੇ ਨਾਲ ਵਿਚਾਰ ਵਟਾਂਦਰੇ ਉਪਰੰਤ ਅੰਤਿਮ ਰੂਪ ਦੇ ਦਿੱਤਾ ਗਿਆ ਸੀ। ਜਿਸ ਅਨੁਸਾਰ ਅੱਜ ਸਵੇਰੇ ਬਾਅਦ ਨਮਾਜ਼ ਫਜ਼ਰ ਪਹਿਲਾ ਬਿਆਨ ਸ਼ੁਰੂ ਹੋਇਆ,ਇਸ ਤੋਂ ਬਾਅਦ ਨਾਸ਼ਤਾ ਪਾਣੀ ਦੇ ਫਾਰਗ ਹੋਣ ਤੋਂ ਬਾਅਦ ਖਿੱਤੇਵਾਰ ਜਮਾਤਾਂ ਵੱਲੋਂ ਜਿਲ੍ਹਾ ਤੇ ਹਲਕਾ ਵਾਇਜ 9:30 ਜੋੜਕੇ ਜਿਥੇ ਤਾਲ਼ੀਮ ਵਾਲਾ ਅਮਲ ਵੱਖੋ ਵੱਖ ਜਿਲਆਂ ਦੇ ਜਿੰਮੇਦਾਰਾਂ ਵੱਲੋਂ ਕੀਤਾ ਗਿਆ। ਫਿਰ ਇੱਥੇ ਇਸਤਮਾਗਾਹ ‘ਚ ਹੀ ਇਜ਼ਤਮਾ ਪੰਡਾਲ ਵਿੱਚ ਪਹਿਲੇ ਹੀ ਦਿਨ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜੋਹਰ ਦੀ ਨਮਾਜ਼ ਅਦਾ ਕੀਤੀ ਮੌਲਾਨਾ ਮੁਹੰਮਦ ਸਮੀਮ ਸਾਹਿਬ ਵੱਲੋਂ ਬਿਆਨ ਕੀਤਾ ਗਿਆ। ਅਸਰ ਦੀ ਨਮਾਜ਼ ਤੋਂ ਬਾਅਦ ਅਮੀਰ ਸਾਹਿਬ ਸੂਬੇਦਾਰ ਮੁਹੰਮਦ ਇਕਬਾਲ ਸਹਿਬ ਅਤੇ ਮਗਰਿਬ ਦੀ ਨਮਾਜ਼ ਤੋਂ ਬਾਅਦ ਮੌਲਾਨਾ ਮੁਹੰਮਦ ਸ਼ਮੀਮ ਸਾਹਿਬ ਵੱਲੋਂ ਉਮਤੇ ਮੁਹੰਮਦੀਆਂ ਨੂੰ ਦਿੱਤੀ ਗਈ ਦਾਵਤ ਦੀ ਜ਼ਿੰਮੇਦਾਰੀ ਬਾਰੇ ਸਮਝਾਇਆ ਗਿਆ ਤਾਂ ਜੋ ਇਸ ਨੂੰ ਅਦਾ ਕਰਨ ਤੋਂ ਬਾਅਦ ਦੁਨੀਆਂ ਵਿੱਚ ਚੈਨ ਸਕੂਨ ਆ ਸਕੇ।
ਮਿਲੀ ਜਾਣਕਾਰੀ ਅਨੁਸਾਰ ਮਸ਼ਵਰੇ ਨਾਲ ਤੈਅ ਹੋਏ ਅਨੁਸਾਰ ਅੱਜ 19 ਨਵੰਬਰ ਨੂੰ ਸ਼ਾਮ ਬਾਅਦ ਨਮਾਜ਼ ਅਸਰ ਇਸਤਮਾਅ ਗਾਹ ਵਿਖੇ 4:00 ਵਜੇ ਸਾਦਗੀ ਭਰੇ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਵਿਆਹ ਦੇ ਬੰਧਨ ‘ਚ ਬੰਝਣ ਲਈ ਵੱਡੀ ਗਿਣਤੀ ‘ਚ ਜੋੜਿਆਂ ਦੇ ਨਿਕਾਹ ਵੀ ਹੋਣ ਬਾਰੇ ਪਤਾ ਚੱਲਿਆ ਹੈ। ਦੂਜੇ ਪਾਸੇ ਵਿਸ਼ੇਸ਼ ਪ੍ਰੋਗਰਾਮਾਂ ਤਹਿਤ ਭਲਕੇ ਇਸਤਮਾ ਕੈਂਪਸ ਦੀ ਮਸ਼ਵਰਾ ਗਾਹ ਵਿਖੇ ‘ਚ ਜ਼ੋਹਰ ਦੀ ਨਮਾਜ਼ ਤੋਂ ਬਾਅਦ ਇਮਾਮ ਤੇ ਉਲਮਾ ਇਕਰਾਮ ਨੂੰ ਦਿੱਲੀ ਮਰਕਜ਼ ਤੋਂ ਆਏ ਮੌਲਾਨਾ ਅਬਦੁਲ ਸੱਤਾਰ ਸਾਹਿਬ ਵੱਲੋਂ ਸੰਬੋਧਨ ਕੀਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਇੱਥੇ ਹੀ ਸਵੇਰੇ 10 ਵਜੇ ਤੋਂ 12 ਵਜੇ ਤੱਕ ਵਿਦਿਆਰਥੀਆਂ, ਮੁਲਾਜ਼ਮਾਂ ਤੇ ਪੜ੍ਹੇ ਲਿਖੇ ਲੋਕਾਂ ਲਈ ਵਿਸ਼ੇਸ਼ ਪ੍ਰੋਗਰਾਮ ਹੋਵੇਗਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
