ਵਾਸ਼ਿੰਗਟਨ, 19 ਨਵੰਬਰ (ਹਿ.ਸ.)। ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਗਾਜ਼ਾ ‘ਚ ਸੰਘਰਸ਼ ਕੁਝ ਦਿਨਾਂ ਤੱਕ ਰੁਕ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਤਰ ਦੀ ਵਿਚੋਲਗੀ ਨਾਲ ਗਾਜ਼ਾ ‘ਚ ਪੰਜ ਦਿਨ ਦੀ ਜੰਗਬੰਦੀ ‘ਤੇ ਸਹਿਮਤੀ ਬਣੀ ਹੈ। ਅਮਰੀਕਾ ਦੇ ਪ੍ਰਮੁੱਖ ਅਖਬਾਰ ਵਾਸ਼ਿੰਗਟਨ ਪੋਸਟ ਮੁਤਾਬਕ ਅਮਰੀਕਾ, ਇਜ਼ਰਾਈਲ ਅਤੇ ਹਮਾਸ ਨੇ ਦਰਜਨਾਂ ਬੰਧਕਾਂ ਨੂੰ ਰਿਹਾਅ ਕਰਨ ਲਈ ਅਸਥਾਈ ਸਮਝੌਤੇ ‘ਤੇ ਦਸਤਖਤ ਕੀਤੇ ਹਨ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ’ਚ ਇਸ ਸਮਝੌਤੇ ਨਾਲ ਅਸਿੱਧੇ ਤੌਰ ‘ਤੇ ਜੁੜੇ ਲੋਕਾਂ ਨੇ ਸ਼ਨੀਵਾਰ ਨੂੰ ਕਿਹਾ ਇਜ਼ਰਾਈਲ, ਸੰਯੁਕਤ ਰਾਜ ਅਤੇ ਹਮਾਸ ਲੜਾਈ ਵਿੱਚ ਪੰਜ ਦਿਨਾਂ ਦੇ ਵਿਰਾਮ ਦੇ ਬਦਲੇ ਗਾਜ਼ਾ ਵਿੱਚ ਬੰਧਕ ਬਣਾਏ ਦਰਜਨਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨ ਲਈ ਇੱਕ ਅਸਥਾਈ ਸਮਝੌਤੇ ‘ਤੇ ਸਹਿਮਤ ਹੋ ਗਏ ਹਨ। ਵਿਸਤ੍ਰਿਤ ਛੇ ਪੰਨਿਆਂ ਦੇ ਸਮਝੌਤੇ ਦੇ ਹਿੱਸੇ ਵਜੋਂ ਸਾਰੀਆਂ ਧਿਰਾਂ ਘੱਟੋ-ਘੱਟ ਪੰਜ ਦਿਨਾਂ ਲਈ ਲੜਾਈ ਦੀਆਂ ਕਾਰਵਾਈਆਂ ਨੂੰ ਰੋਕਣਗੀਆਂ। ਹਰ 24 ਘੰਟਿਆਂ ਵਿੱਚ ਛੋਟੇ ਸਮੂਹਾਂ ਵਿੱਚ ਸ਼ੁਰੂਆਤੀ 50 ਜਾਂ ਇਸ ਤੋਂ ਵੱਧ ਬੰਧਕਾਂ ਨੂੰ ਰਿਹਾ ਕੀਤਾ ਜਾਵੇਗਾ।
ਅਖਬਾਰ ਮੁਤਾਬਕ ਅਰਬ ਅਤੇ ਹੋਰ ਡਿਪਲੋਮੈਟਾਂ ਨੇ ਕਿਹਾ ਕਿ ਕਤਰ ਦੀ ਰਾਜਧਾਨੀ ਦੋਹਾ ‘ਚ ਕਈ ਹਫਤਿਆਂ ਦੀ ਗੱਲਬਾਤ ਤੋਂ ਬਾਅਦ ਸਮਝੌਤੇ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਕਤਰ ਦੀ ਵਿਚੋਲਗੀ ਵਿੱਚ ਹੋਏ ਇਸ ਸਮਝੌਤੇ ਦੌਰਾਨ ਦੋਹਾ ਵਿੱਚ ਹੋਈ ਗੱਲਬਾਤ ਵਿੱਚ ਇਜ਼ਰਾਈਲ, ਅਮਰੀਕਾ ਅਤੇ ਹਮਾਸ ਦੇ ਪ੍ਰਤੀਨਿਧੀ ਮੌਜੂਦ ਸਨ। ਵਾਸ਼ਿੰਗਟਨ ਪੋਸਟ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਜਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਤੁਰੰਤ ਕੋਈ ਟਿੱਪਣੀ ਨਹੀਂ ਮਿਲੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
