
ਕਾਠਮਾਂਡੂ, 18 ਨਵੰਬਰ (ਹਿ.ਸ.)। ਨੇਪਾਲ ਫਿਲਹਾਲ ਚੀਨ ਦੀ ਸੋਸ਼ਲ ਮੀਡੀਆ ਐਪ ਟਿੱਕਟੌਕ ਨੂੰ ਰਾਹਤ ਦੇਣ ਦੇ ਪੱਖ ‘ਚ ਨਹੀਂ ਹੈ। ਨੇਪਾਲ ਵਿੱਚ ਟਿੱਕਟੌਕ ਨੂੰ ਬੈਨ ਕਰਨ ਤੋਂ ਬਾਅਦ ਚੀਨੀ ਕੰਪਨੀ ਦੇ ਹੱਥ ਪੈਰ ਫੁੱਲੇ ਹੋਏ ਹਨ। ਟਿੱਕਟੌਕ ਨੇ ਕਰੀਬ 30 ਲੱਖ ਵੀਡੀਓ ਡਿਲੀਟ ਕੀਤੇ ਹਨ ਅਤੇ ਨੇਪਾਲ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਨੇਪਾਲ ਸਰਕਾਰ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਨੇਪਾਲ ਨੇ ਫਿਲਹਾਲ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਕੰਪਨੀ ਨੇ ਨੇਪਾਲ ਦੀ ਦੂਰਸੰਚਾਰ ਅਥਾਰਟੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ ਲਈ ਤਿਆਰ ਹੈ। ਇਸ ਸਬੰਧੀ ਕਰੀਬ 29 ਲੱਖ 98 ਹਜ਼ਾਰ ਵੀਡੀਓ ਡਿਲੀਟ ਕੀਤੇ ਜਾ ਚੁੱਕੇ ਹਨ। ਇਸ ਲਈ ਸਰਕਾਰ ਨੂੰ ਪਾਬੰਦੀ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਦੱਖਣੀ ਏਸ਼ੀਆਈ ਦੇਸ਼ਾਂ ਲਈ ਟਿੱਕਟੌਕ ਦੇ ਕਾਨੂੰਨੀ ਸਲਾਹਕਾਰ ਫਿਰਦੋਸ ਮੋਟਾਕਿਨ ਨੇ ਨੇਪਾਲ ਸਰਕਾਰ ਦੇ ਫੈਸਲੇ ‘ਤੇ ਦੁੱਖ ਅਤੇ ਹੈਰਾਨੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਨੇਪਾਲ ਸਰਕਾਰ ਜਲਦੀ ਹੀ ਪਾਬੰਦੀ ਹਟਾ ਲਵੇਗੀ।
ਨੇਪਾਲ ਟੈਲੀਕਾਮ ਅਥਾਰਟੀ ਦੇ ਚੇਅਰਮੈਨ ਪੁਰਸ਼ੋਤਮ ਖਨਾਲ ਦਾ ਕਹਿਣਾ ਹੈ ਕਿ ਟਿੱਕਟੌਕ ਨੂੰ ਚਿੱਠੀ ਦਾ ਜਵਾਬ ਦੇ ਦਿੱਤਾ ਗਿਆ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰ ਫਿਲਹਾਲ ਆਪਣੇ ਫੈਸਲੇ ‘ਤੇ ਕਾਇਮ ਹੈ। ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਟਿੱਕਟੌਕ ਕੰਪਨੀ ਦੇ ਹਿੱਤ ਵਿੱਚ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
