ਨਵੀਂ ਦਿੱਲੀ, 17 ਨਵੰਬਰ (ਹਿ.ਸ.)। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਯਮੁਨਾ ਨਦੀ ਝੱਗ ਦੀ ਇੱਕ ਮੋਟੀ ਚਾਦਰ ਵਿੱਚ ਢਕੀ ਹੋਈ ਹੈ। ਇਹ ਚਾਦਰ ਛੱਠ ਦੇ ਤਿਉਹਾਰ ਦੇ ਸ਼ਰਧਾਲੂਆਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਜਾਪਦੀ ਹੈ। ਸਥਿਤੀ ਇਹ ਹੈ ਕਿ ਓਖਲਾ ਬੈਰਾਜ ਤੋਂ ਬਾਅਦ ਯਮੁਨਾ ਦਾ ਪਾਣੀ ਨਜ਼ਰ ਆਉਣਾ ਹੀ ਬੰਦ ਹੋ ਜਾਂਦਾ ਹੈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਰਿਪੋਰਟ ਅਨੁਸਾਰ ਯਮੁਨਾ ਨਦੀ ਦੀ ਲੰਬਾਈ ਲਗਭਗ 1,370 ਕਿਲੋਮੀਟਰ ਹੈ। ਇਸ ਵਿੱਚੋਂ ਪੱਲਾ ਤੋਂ ਕਾਲਿੰਦੀ ਕੁੰਜ ਤੱਕ ਦੀ ਲੰਬਾਈ 54 ਕਿਲੋਮੀਟਰ ਹੈ। ਵਜ਼ੀਰਾਬਾਦ ਤੋਂ ਕਾਲਿੰਦੀ ਕੁੰਜ ਦਾ ਹਿੱਸਾ 22 ਕਿਲੋਮੀਟਰ ਹੈ। ਇਹ ਯਮੁਨਾ ਦੀ ਪੂਰੀ ਲੰਬਾਈ ਦਾ ਸਿਰਫ਼ ਦੋ ਫ਼ੀਸਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਯਮੁਨਾ ਵਿੱਚ ਲਗਭਗ 76 ਫੀਸਦੀ ਪ੍ਰਦੂਸ਼ਣ ਇਸ ਹਿੱਸੇ ਵਿੱਚ ਹੁੰਦਾ ਹੈ। ਮੌਨਸੂਨ ਤੋਂ ਇਲਾਵਾ ਸਾਲ ਦੇ ਬਾਕੀ ਨੌਂ ਮਹੀਨਿਆਂ ਵਿੱਚ ਨਦੀ ਵਿੱਚ ਤਾਜ਼ਾ ਪਾਣੀ ਨਹੀਂ ਰਹਿੰਦਾ।
ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਦਾ ਕਹਿਣਾ ਹੈ ਕਿ ਯਮੁਨਾ ਨਦੀ ‘ਤੇ ਕੈਮੀਕਲ ਦੀ ਮਦਦ ਨਾਲ ਝੱਗ ਨੂੰ ਸਾਫ ਕਰਨ ਦਾ ਕੰਮ ਚੱਲ ਰਿਹਾ ਹੈ। ਵੀਰਵਾਰ ਨੂੰ ਇਸ ਦਾ ਛਿੜਕਾਅ ਕੀਤਾ ਗਿਆ। ਇਸ ਨਾਲ ਇੱਕ-ਦੋ ਦਿਨਾਂ ਵਿੱਚ ਪਾਣੀ ਸਾਫ਼ ਹੋ ਜਾਵੇਗਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
