
ਕੈਲੀਫੋਰਨੀਆ, 16 ਨਵੰਬਰ (ਹਿ.ਸ.)। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਆਹਮੋ-ਸਾਹਮਣੇ ਮੀਟਿੰਗ ਵਿੱਚ ਲਗਭਗ ਚਾਰ ਘੰਟੇ ਇਕੱਠੇ ਬਿਤਾਏ। ਬੈਠਕ ਤੋਂ ਬਾਅਦ ਬਿਡੇਨ ਨੇ ਗੱਲਬਾਤ ਨੂੰ ਸਫਲ ਦੱਸਿਆ ਅਤੇ ਕਿਹਾ ਕਿ ਉੱਚ ਪੱਧਰੀ ਫੌਜੀ ਸੰਚਾਰ, ਫੈਂਟਾਨਿਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਚਰਚਾ ਕਰਨ ‘ਤੇ ਸਹਿਮਤੀ ਬਣੀ ਹੈ।
ਫਿਲਹਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਦੇ ਦੌਰੇ ‘ਤੇ ਹਨ। ਤਣਾਅਪੂਰਨ ਸਬੰਧਾਂ ਦੇ ਵਿਚਕਾਰ ਇੱਕ ਸਾਲ ਵਿੱਚ ਪਹਿਲੀ ਵਾਰ ਉੱਤਰੀ ਕੈਲੀਫੋਰਨੀਆ ਦੇ ਫਿਲੋਲੀ ਰਾਜ ਵਿੱਚ ਦੋਵਾਂ ਰਾਸ਼ਟਰ ਮੁਖੀਆਂ ਵਿਚਕਾਰ ਮੁਲਾਕਾਤ ਹੋਈ। ਦੋਵਾਂ ਨੇਤਾਵਾਂ ਨੇ ਆਪਣੇ ਦੇਸ਼ਾਂ ਨੂੰ ਸੰਘਰਸ਼ ਤੋਂ ਦੂਰ ਰੱਖਣ ਦਾ ਵਾਅਦਾ ਕੀਤਾ। ਦੋਵਾਂ ਪੱਖਾਂ ਦਾ ਉਦੇਸ਼ ਵਪਾਰ ਤੋਂ ਲੈ ਕੇ ਰੂਸ-ਯੂਕ੍ਰੇਨ ਯੁੱਧ, ਚੀਨ-ਤਾਈਵਾਨ ਤਣਾਅ ਤੱਕ ਦੇ ਮੁੱਦਿਆਂ ‘ਤੇ ਚਰਚਾ ਕਰਕੇ ਹੱਲ ਲੱਭਣਾ ਸੀ। ਜਿਸ ਵਿੱਚ ਮਹੱਤਵਪੂਰਨ ਸਫਲਤਾ ਇਹ ਰਹੀ ਕਿ ਦੋਵੇਂ ਰਾਸ਼ਟਰ ਮੁਖੀ ਫੌਜੀ ਸੰਪਰਕਾਂ ਨੂੰ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ, ਜਿਸਨੂੰ ਚੀਨ ਨੇ ਅਗਸਤ 2022 ਵਿੱਚ ਤਤਕਾਲੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ ਖਤਮ ਕਰ ਦਿੱਤਾ ਸੀ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਦੋਵੇਂ ਉੱਚ ਸੰਚਾਰ ‘ਤੇ ਸਹਿਮਤ ਹੋਏ ਹਨ। ਅਸੀਂ ਦੋਵੇਂ ਸਿੱਧੇ ਫ਼ੋਨ ਕਾਲਾਂ ਦਾ ਜਵਾਬ ਦੇ ਸਕਦੇ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁਕਾਬਲੇ ਨੂੰ ਟਕਰਾਅ ਵਿੱਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
