ਅਹਿਮਦਾਬਾਦ, 11 ਨਵੰਬਰ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਦਾ ਵਨਡੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ‘ਚ ਖੇਡਣਾ ਸ਼ੱਕੀ ਹੈ। ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਅਫਗਾਨਿਸਤਾਨ ਖਿਲਾਫ ਦੱਖਣੀ ਅਫਰੀਕਾ ਦੇ ਆਖਰੀ ਲੀਗ ਮੈਚ ‘ਚ ਬਾਵੁਮਾ ਨੂੰ ਹੈਮਸਟ੍ਰਿੰਗ ‘ਚ ਸੱਟ ਲੱਗ ਗਈ ਸੀ। ਇਹ ਮੈਚ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ ਨਾਲ ਜਿੱਤ ਲਿਆ ਸੀ।
ਬਾਵੁਮਾ ਨਨੇ ਪਹਿਲੀ ਪਾਰੀ ਦੀਆਂ ਨੌਂ ਗੇਂਦਾਂ ਬਾਅਦ ਮੈਦਾਨ ਛੱਡ ਦਿੱਤਾ ਅਤੇ ਚਾਰ ਓਵਰਾਂ ਦੇ ਬਾਅਦ ਵਾਪਸ ਪਰਤੇ ਪਰ ਜ਼ਿਆਦਾਤਰ ਮਿਡ-ਆਫ ‘ਤੇ ਫੀਲਡਿੰਗ ਕਰਦੇ ਹੋਏ ਲੰਗੜਾਉਂਦੇ ਰਹੇ। ਫੀਲਡਿੰਗ ਕਰਦੇ ਸਮੇਂ ਉਹ ਗੇਂਦਾਂ ਦੇ ਪਿੱਛੇ ਧਿਆਨ ਨਾਲ ਦੌੜਦੇ ਰਹੇ। ਇਸ ਤੋਂ ਬਾਅਦ ਜਦੋਂ ਉਹ ਬੱਲੇਬਾਜ਼ੀ ਕਰਨ ਆਉਂਦੇ ਸਨ ਤਾਂ ਦੌੜਦੇ ਸਮੇਂ ਲੰਗੜਾਉਂਦੇ ਰਹੇ, ਖਾਸ ਕਰਕੇ ਸਿੰਗਲਜ਼ ਲੈਣ ਸਮੇਂ।
ਜੇਕਰ ਬਾਵੁਮਾ ਸੈਮੀਫਾਈਨਲ ਖੇਡਣ ਲਈ ਉਪਲੱਬਧ ਨਹੀਂ ਹੋਣਗੇ ਤਾਂ ਸੰਭਾਵਤ ਤੌਰ ‘ਤੇ ਵੀਰਵਾਰ ਨੂੰ ਕੋਲਕਾਤਾ ਵਿੱਚ ਆਸਟ੍ਰੇਲੀਆ ਦੇ ਖਿਲਾਫ ਏਡਨ ਮਾਰਕਰਾਮ ਦੱਖਣੀ ਅਫਰੀਕਾ ਦੀ ਕਪਤਾਨੀ ਕਰਨਗੇ। ਇਸ ਤੋਂ ਪਹਿਲਾਂ ਜਦੋਂ ਬਾਵੁਮਾ ਬੀਮਾਰੀ ਕਾਰਨ ਇੰਗਲੈਂਡ ਅਤੇ ਬੰਗਲਾਦੇਸ਼ ਖਿਲਾਫ ਮੈਚ ਨਹੀਂ ਖੇਡ ਸਕੇ ਸਨ ਤਾਂ ਮਾਰਕਰਾਮ ਨੇ ਟੀਮ ਦੀ ਕਪਤਾਨੀ ਕੀਤੀ ਸੀ, ਜਦਕਿ ਰੀਜ਼ਾ ਹੈਂਡਰਿਕਸ ਨੇ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ।
