ਤੇਲ ਅਵੀਵ/ਯੇਰੂਸ਼ਲਮ, 10 ਨਵੰਬਰ। ਗਾਜ਼ਾ ਪੱਟੀ ‘ਤੇ ਜੰਗ ਦੇ 35ਵੇਂ ਦਿਨ ਇਜ਼ਰਾਈਲ ਨੇ ਵਿਸ਼ਵ ਭਾਈਚਾਰੇ ਨਾਲ ਕੀਤੇ ਵਾਅਦੇ ਅਨੁਸਾਰ ਹਵਾਈ ਹਮਲੇ ਰੋਕ ਦਿੱਤੇ। ਹਵਾਈ ਹਮਲੇ ਰੁਕਦੇ ਹੀ ਫਿਲੀਸਤੀਨੀ ਨਾਗਰਿਕਾਂ ਨੇ ਗਾਜ਼ਾ ਪੱਟੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ।
ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲੀ ਰੱਖਿਆ ਬਲਾਂ (ਆਈਡੀਐੱਫ) ਨੇ ਅੱਜ ਸਵੇਰੇ ਐਲਾਨ ਕੀਤਾ ਹੈ ਕਿ ਨਾਗਰਿਕਾਂ ਦੇ ਨੁਕਸਾਨ ਨੂੰ ਘਟਾਉਣ ਲਈ ਗਾਜ਼ਾ ਵਿੱਚ ਹਵਾਈ ਹਮਲੇ ਫਿਲਹਾਲ ਰੋਕ ਦਿੱਤੇ ਗਏ ਹਨ। ਪਰ ਹਿਜ਼ਬੁੱਲਾ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਆਈਡੀਐੱਫ ਲੜਾਕੂ ਜਹਾਜ਼ਾਂ ਨੇ ਲੇਬਨਾਨ ਵਿੱਚ ਉਸਦੇ ਅੱਤਵਾਦੀ ਢਾਂਚੇ ਨੂੰ ਬੰਬ ਸੁੱਟ ਕੇ ਤਬਾਹ ਕਰ ਦਿੱਤਾ।
ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਇਜ਼ਰਾਈਲ ਗਾਜ਼ਾ ‘ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ। ਭਵਿੱਖ ਵਿੱਚ ਗਾਜ਼ਾ ਵਿੱਚ ਇੱਕ ਮਜ਼ਬੂਤ ਨਾਗਰਿਕ ਸਰਕਾਰ ਦੀ ਲੋੜ ਹੋਵੇਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 7 ਅਕਤੂਬਰ ਵਰਗਾ ਹਮਲਾ ਦੁਬਾਰਾ ਨਾ ਹੋਵੇ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿਊਮਨ ਰਾਈਟਸ ਵਾਚ ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਦੇ ਆਲੇ-ਦੁਆਲੇ ਇਜ਼ਰਾਈਲ-ਹਮਾਸ ਦੀ ਲੜਾਈ ਨੂੰ ਲੈ ਕੇ ਗੰਭੀਰਤਾ ਨਾਲ ਚਿੰਤਤ ਹੈ। ਹਿਊਮਨ ਰਾਈਟਸ ਵਾਚ ਨੇ ਵਿਸ਼ਵ ਨੇਤਾਵਾਂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ।
ਇਜ਼ਰਾਈਲ ਵੱਲੋਂ ਸ਼ੁੱਕਰਵਾਰ ਨੂੰ ਹਮਲਿਆਂ ਨੂੰ ਟਾਲਣ ਤੋਂ ਬਾਅਦ ਅਮਰੀਕਾ ਨੇ ਸੁੱਖ ਦਾ ਸਾਹ ਲਿਆ ਹੈ। ਉਸਨੂੰ ਉਮੀਦ ਹੈ ਕਿ ਹੁਣ ਉਸਦੇ ਬੰਧਕ ਨਾਗਰਿਕਾਂ ਨੂੰ ਹਮਾਸ ਦੀ ਕੈਦ ਤੋਂ ਛੁਡਾਉਣਾ ਆਸਾਨ ਹੋ ਜਾਵੇਗਾ। ਕੁਝ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਗਾਜ਼ਾ ਸ਼ਹਿਰ ‘ਚ ਇਜ਼ਰਾਇਲੀ ਫੌਜੀਆਂ ਅਤੇ ਹਮਾਸ ਦੇ ਅੱਤਵਾਦੀਆਂ ਵਿਚਾਲੇ ਕਰੀਬ 10 ਘੰਟੇ ਤੱਕ ਸਿੱਧੀ ਲੜਾਈ ਹੋਈ। ਇਸ ਦੌਰਾਨ ਇਜ਼ਰਾਈਲ ਨੇ ਹਮਾਸ ਦੇ ਇੱਕ ਗੜ੍ਹ ਨੂੰ ਤਬਾਹ ਕਰ ਦਿੱਤਾ।
