ਨਵੀਂ ਦਿੱਲੀ, 09 ਨਵੰਬਰ। ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਕੈਲੰਡਰ ਸਾਲ 2023 ਲਈ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ 6.7 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਮੂਡੀਜ਼ ਦਾ ਮੰਨਣਾ ਹੈ ਕਿ ਦੇਸ਼ ਵਿੱਚ ਮਜ਼ਬੂਤ ਘਰੇਲੂ ਮੰਗ ਆਉਣ ਵਾਲੇ ਸਮੇਂ ਵਿੱਚ ਵਾਧੇ ਦੀ ਗਤੀ ਨੂੰ ਬਰਕਰਾਰ ਰੱਖੇਗੀ।
ਮੂਡੀਜ਼ ਇਨਵੈਸਟਰਸ ਸਰਵਿਸ ਨੇ ਵੀਰਵਾਰ ਨੂੰ ਜਾਰੀ ਆਪਣੇ ‘ਗਲੋਬਲ ਮੈਕ੍ਰੋਇਕਨਾਮਿਕ ਆਉਟਲੁੱਕ-2024-25’ ‘ਚ ਕਿਹਾ ਕਿ ਘਰੇਲੂ ਮੰਗ ‘ਚ ਲਗਾਤਾਰ ਵਾਧਾ ਭਾਰਤੀ ਅਰਥਵਿਵਸਥਾ ਨੂੰ ਅੱਗੇ ਵਧਾ ਰਿਹਾ ਹੈ। ਮੂਡੀਜ਼ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੀ ਅਸਲ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਕਾਸ ਦਰ ਕੈਲੰਡਰ ਸਾਲ 2023 ‘ਚ ਲਗਭਗ 6.7 ਫੀਸਦੀ, 2024 ‘ਚ 6.1 ਫੀਸਦੀ ਅਤੇ 2025 ‘ਚ 6.3 ਫੀਸਦੀ ਰਹੇਗੀ।
ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਿੱਤੀ ਸਾਲ 2023-24 ਲਈ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਾਧਾ ਦਰ 7.8 ਫੀਸਦੀ ਰਹੀ ਹੈ, ਜਦੋਂ ਕਿ ਦੂਜੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਹੈ। ਘਰੇਲੂ ਖਪਤ ਤੇ ਠੋੋਸ ਪੂੰਜੀ ਖਰਚ ਅਤੇ ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਤੇਜ਼ੀ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਮਜ਼ਬੂਤ ਰਹੀ ਹੈ।
