ਰਾਮਪੁਰਾ, 01 ਨਵੰਬਰ (ਹਿ. ਸ.)। ਕਾਲਜ ਆਫ਼ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਗਡਵਾਸੂ ਨੇ ਪਿੰਡ ਲਹਿਰਾ ਸੌਂਧਾ ਵਿਖੇ ਵੀਰਬੈਕ ਐਨੀਮਲ ਹੈਲਥ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪਸ਼ੂ ਭਲਾਈ ਕੈਂਪ ਲਾਇਆ ਡੇਅਰੀ ਅਤੇ ਬੱਕਰੀ ਪਾਲਣ ਦੇ ਧੰਦੇ ਵਿੱਚ ਲੱਗੇ 80 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਡਾ: ਸੰਦੀਪ ਕਾਸਵਾਨ, ਐਸੋਸੀਏਟ ਪ੍ਰੋਫੈਸਰ, ਵੀ.ਏ.ਐਚ.ਈ.ਈ., ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਾਲਜ ਵਿੱਚ ਉਪਲਬਧ ਵੱਖ-ਵੱਖ ਕਲੀਨਿਕਲ ਅਤੇ ਲੈਬਾਰਟਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਾਲਜ ਵਿੱਚ ਸ਼ੁਰੂ ਕੀਤੇ ਗਏ ਵੱਖ-ਵੱਖ ਸਰਟੀਫਿਕੇਟ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਭਾਗ ਲੈਣ ‘ਤੇ ਵੀ ਜ਼ੋਰ ਦਿੱਤਾ, ਕਿਉਂਕਿ ਇਸ ਨਾਲ ਨਾ ਸਿਰਫ਼ ਕਿਸਾਨਾਂ ਦਾ ਪਸ਼ੂ ਪਾਲਣ ਦੇ ਖੇਤਰ ਬਾਰੇ ਸਮਝ ਵਿੱਚ ਵਾਧਾ ਹੋਵੇਗਾ, ਸਗੋਂ ਪਿੰਡਾਂ ਦੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਨ ਵਿੱਚ ਵੀ ਮਦਦ ਮਿਲੇਗੀ।
ਡਾ: ਇੰਦਰਪਾਲ ਸਿੰਘ, ਸਹਾਇਕ ਪ੍ਰੋਫੈਸਰ, ਵੈਟਰਨਰੀ ਸਰਜਰੀ ਨੇ ਸਰਦੀਆਂ ਦੇ ਮੌਸਮ ਵਿੱਚ ਡੇਅਰੀ ਜਾਨਵਰਾਂ ਵਿੱਚ ਆਉਣ ਵਾਲੀਆਂ ਆਮ ਸਿਹਤ ਸਮੱਸਿਆਵਾਂ ਦੇ ਨਾਲ-ਨਾਲ ਮੁੱਢਲੀ ਸਹਾਇਤਾ ਬਾਰੇ ਚਰਚਾ ਕੀਤੀ। ਡਾ: ਅਨਾਵਿਲ ਭਾਰਦਵਾਜ, ਸਹਾਇਕ ਪ੍ਰੋਫੈਸਰ, ਵੈਟਰਨਰੀ ਗਾਇਨੀਕੋਲੋਜੀ ਨੇ ਮੱਝਾਂ ਵਿੱਚ ਗਰਮੀ (ਹੇਹਾ) ਦਾ ਸਮੇਂ ਸਿਰ ਪਤਾ ਲਗਾਉਣ ਲਈ ਅਪਣਾਏ ਜਾਣ ਵਾਲੇ ਉਪਾਵਾਂ ਬਾਰੇ ਚਰਚਾ ਕੀਤੀ ਅਤੇ ਪਸ਼ੂਆਂ ਦੇ ਪ੍ਰਜਨਨ ਸਮੱਸਿਆਵਾਂ ਨਾਲ ਸਬੰਧਤ ਕਿਸਾਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ।ਡਾ: ਜਸਲੀਨ ਕੌਰ, ਸਹਾਇਕ ਪ੍ਰੋਫੈਸਰ, ਵੈਟਰਨਰੀ ਮੈਡੀਸਨ ਨੇ ਡੇਅਰੀ ਪਸ਼ੂਆਂ ਵਿੱਚ ਮਾਸਟਾਈਟਸ ਦੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਚਰਚਾ ਕੀਤੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
