ਨਵੀਂ ਦਿੱਲੀ, 31 ਅਕਤੂਬਰ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ‘ਤੇ ਯਾਦ ਕੀਤਾ। ਇੰਦਰਾ ਪਰਿਵਾਰ ਦੀ ਨੂੰਹ ਸੋਨੀਆ ਅਤੇ ਪੋਤੇ ਰਾਹੁਲ ਦੇ ਨਾਲ ਪਾਰਟੀ ਪ੍ਰਧਾਨ ਖੜਗੇ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਮੰਗਲਵਾਰ ਸਵੇਰੇ ਸ਼ਕਤੀ ਸਥਲ ਪਹੁੰਚ ਕੇ ਸਵ. ਇੰਦਰਾ ਗਾਂਧੀ ਦੀ ਸਮਾਧ ‘ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਖੜਗੇ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਨੂੰ ਯਾਦ ਕਰਦਿਆਂ ‘ਐਕਸ’ ‘ਤੇ ਲਿਖਿਆ ਕਿ ਮਜ਼ਬੂਤ ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ਵਿੱਚ ਆਪਣੀ ਮਜ਼ਬੂਤ ਇੱਛਾ ਸ਼ਕਤੀ, ਕੁਸ਼ਲ ਅਗਵਾਈ, ਵਿਲੱਖਣ ਕਾਰਜਸ਼ੈਲੀ ਅਤੇ ਦੂਰਅੰਦੇਸ਼ੀ ਨਾਲ ਅਹਿਮ ਭੂਮਿਕਾ ਨਿਭਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਸਾਡੀ ਆਦਰਸ਼ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ ’ਤੇ ਅਸੀਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੇ ਹਾਂ।
