ਮੁੰਬਈ, 28 ਅਕਤੂਬਰ (ਹਿ. ਸ.)। ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਈਮੇਲ ਭੇਜ ਕੇ ਧਮਕੀ ਦਿੱਤੀ ਹੈ ਕਿ ਜੇਕਰ ਉਹ 20 ਕਰੋੜ ਰੁਪਏ ਦੀ ਜ਼ਬਰੀ ਰਕਮ ਅਦਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਅੰਬਾਨੀ ਦੇ ਸੁਰੱਖਿਆ ਮੁਖੀ ਨੇ ਗਾਓਂਦੇਵੀ ਥਾਣੇ ‘ਚ ਇਸ ਈਮੇਲ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਧਮਕੀ ਦੀ ਸੂਚਨਾ ਮਿਲਦੇ ਹੀ ਮੁੰਬਈ ਪੁਲਿਸ ਚੌਕਸ ਹੋ ਗਈ ਅਤੇ ਅੰਬਾਨੀ ਦੀ ਰਿਹਾਇਸ਼ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪੁਲਿਸ ਮੁਤਾਬਕ ਸ਼ੁੱਕਰਵਾਰ ਨੂੰ ਮੁਕੇਸ਼ ਅੰਬਾਨੀ ਦੇ ਈਮੇਲ ‘ਤੇ ਜ਼ਬਰੀ ਵਸੂਲੀ ਅਤੇ ਧਮਕੀ ਭਰੀ ਈਮੇਲ ਮਿਲੀ ਸੀ। ਅੰਬਾਨੀ ਨੂੰ ਮਿਲੀ ਈਮੇਲ ‘ਚ ਕਿਹਾ ਗਿਆ ਹੈ, ”ਜੇਕਰ ਤੁਸੀਂ ਸਾਨੂੰ 20 ਕਰੋੜ ਰੁਪਏ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਸਾਡੇ ਕੋਲ ਭਾਰਤ ‘ਚ ਸਭ ਤੋਂ ਵਧੀਆ ਸ਼ੂਟਰ ਹਨ।” ਇਸ ਈਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਈਮੇਲ ਭੇਜਣ ਵਾਲੇ ਦੀ ਪਛਾਣ ਨਹੀਂ ਹੋ ਸਕੀ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੁਲਿਸ ਨੇ ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਦੋਸ਼ੀ ਰਾਕੇਸ਼ ਕੁਮਾਰ ਮਿਸ਼ਰਾ ਨੂੰ ਬਿਹਾਰ ਦੇ ਦਰਭੰਗਾ ਤੋਂ ਗ੍ਰਿਫਤਾਰ ਕੀਤਾ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਉਸ ਨੇ ਗਰੀਬੀ ਤੋਂ ਤੰਗ ਆ ਕੇ ਮੁਕੇਸ਼ ਅੰਬਾਨੀ ਨੂੰ ਧਮਕੀ ਦਿੱਤੀ ਸੀ। ਇਸੇ ਤਰ੍ਹਾਂ, ਫਰਵਰੀ 2021 ਵਿੱਚ, ਮੁਕੇਸ਼ ਅੰਬਾਨੀ ਦੀ ਰਿਹਾਇਸ਼ ਐਂਟੀਲੀਆ ਦੇ ਬਾਹਰ ਇੱਕ ਸਕਾਰਪੀਓ ਕਾਰ ਮਿਲੀ ਸੀ, ਜਿਸ ਵਿੱਚ 20 ਵਿਸਫੋਟਕ ਜੈਲੇਟਿਨ ਸਟਿਕਸ ਅਤੇ ਇੱਕ ਧਮਕੀ ਭਰਿਆ ਪੱਤਰ ਸੀ। ਪੱਤਰ ਵਿੱਚ ਲਿਖਿਆ ਸੀ, ਇਹ ਸਿਰਫ਼ ਇੱਕ ਟ੍ਰੇਲਰ ਹੈ। ਇਸ ਮਾਮਲੇ ‘ਚ ਮੁੰਬਈ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ‘ਚ ਮੁਅੱਤਲ ਕਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
