ਕੋਲਕਾਤਾ, 27 ਅਕਤੂਬਰ (ਹਿ.ਸ.)। ਪੱਛਮੀ ਬੰਗਾਲ ਦੇ ਬਹੁ-ਚਰਚਿਤ ਰਾਸ਼ਨ ਵੰਡ ਮਾਮਲੇ ਵਿੱਚ ਕੇਂਦਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਜ ਦੇ ਸਾਬਕਾ ਖੁਰਾਕ ਮੰਤਰੀ ਅਤੇ ਮੌਜੂਦਾ ਜੰਗਲਾਤ ਮੰਤਰੀ ਜੋਤੀਪ੍ਰਿਆ ਮਲਿਕ ਨੂੰ ਰਾਤ 3:00 ਵਜੇ ਗ੍ਰਿਫ਼ਤਾਰ ਕੀਤਾ ਹੈ। ਈਡੀ ਅਧਿਕਾਰੀਆਂ ਨੇ ਅੱਜ ਸਵੇਰੇ ਇਸ ਦੀ ਪੁਸ਼ਟੀ ਕੀਤੀ।
ਉਨ੍ਹਾਂ ਦੱਸਿਆ ਕਿ 20 ਘੰਟਿਆਂ ਤੋਂ ਵੱਧ ਦੀ ਤਲਾਸ਼ੀ ਮੁਹਿੰਮ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਉਨ੍ਹਾਂ ਨੇ ਜਾਂਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁੱਛਗਿੱਛ ਦੌਰਾਨ ਕਈ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ‘ਤੇ ਜਾਂਚ ‘ਚ ਸਹਿਯੋਗ ਨਾ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ।
ਈਡੀ ਨੇ ਵੀਰਵਾਰ ਸਵੇਰੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ। ਰਾਤ 3:00 ਵਜੇ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਬਲਾਂ ਦੀ ਸੁਰੱਖਿਆ ਹੇਠ ਸੀਜੀਓ ਕੰਪਲੈਕਸ ਸਥਿਤ ਈਡੀ ਦਫ਼ਤਰ ਲਿਜਾਇਆ ਗਿਆ। ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਲਿਕ ਨੇ ਸੀਜੀਓ ਕੰਪਲੈਕਸ ਵਿੱਚ ਦਾਖ਼ਲ ਹੋਣ ਸਮੇਂ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇੱਕ ਗੰਭੀਰ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹਾਂ।
ਜ਼ਿਕਰਯੋਗ ਹੈ ਕਿ ਈਡੀ ਨੇ ਕੋਲਕਾਤਾ ਦੇ ਸਾਲਟ ਲੇਕ ਇਲਾਕੇ ‘ਚ ਸਥਿਤ ਜੰਗਲਾਤ ਮੰਤਰੀ ਮਲਿਕ ਦੇ ਦੋ ਫਲੈਟਾਂ ‘ਤੇ ਛਾਪੇਮਾਰੀ ਕੀਤੀ ਸੀ। ਦਮਦਮ ਵਿੱਚ ਉਨ੍ਹਾਂ ਦੇ ਸਾਬਕਾ ਨਿੱਜੀ ਸਹਾਇਕ ਦੇ ਘਰ ਅਤੇ ਕੁਝ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਗਈ। ਕੇਂਦਰੀ ਜਾਂਚ ਏਜੰਸੀ ਇਸ ਮਾਮਲੇ ਵਿੱਚ ਬਕੀਬੁਰ ਰਹਿਮਾਨ ਨਾਮ ਦੇ ਇੱਕ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
