ਖੰਨਾ, 22 ਅਕਤੂਬਰ (ਹਿ. ਸ.)। ਕਰੀਬ ਦੋ ਸਾਲਾਂ ਤੋਂ ਮਜ਼ਦੂਰੀ ਵਿਚ ਵਾਧੇ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ਨੇ ਦੁਸਹਿਰੇ ਵਾਲੇ ਦਿਨ ਰਾਵਣ ਦੀ ਥਾਂ ’ਤੇ ਸਰਕਾਰ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਹੈ। ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਦਰਸ਼ਨ ਲਾਲ ਨੇ ਦੱਸਿਆ ਕਿ ਪੰਜਾਬ ਦੇ ਨਾਲ-ਨਾਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਵੀ ਮਜ਼ਦੂਰਾਂ ਨੇ ਦੁਸਹਿਰੇ ਵਾਲੇ ਦਿਨ ਰਾਵਣ ਦੀ ਥਾਂ ”ਤੇ ਸਰਕਾਰ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਪੰਜਾਬ ਦੀਆਂ 1800 ਦੇ ਕਰੀਬ ਅਨਾਜ ਮੰਡੀਆਂ ਵਿੱਚ ਪੰਜਾਬ ਦੇ 10 ਲੱਖ ਮਜ਼ਦੂਰ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕਰਨਗੇ। ਸੰਘਰਸ਼ ਦਾ ਐਲਾਨ ਕਰਦਿਆਂ ਚੇਅਰਮੈਨ ਦਰਸ਼ਨ ਲਾਲ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ 25 ਫੀਸਦੀ ਵਾਧਾ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਵੀ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਉਜਰਤ ਵਧਾਉਣ ਲਈ ਸੰਘਰਸ਼ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਉਜਰਤ ਵਿਚ 25 ਫੀਸਦੀ ਵਾਧਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਕੁਝ ਨਹੀਂ ਹੋਇਆ। ਇੰਨੀ ਮਹਿੰਗਾਈ ਦੇ ਦੌਰ ”ਚ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ, ਹੁਣ ਤੱਕ ਸਿਰਫ਼ ਲਾਰੇ ਹੀ ਲਗਾਏ ਗਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
