ਚੰਡੀਗੜ੍ਹ, 19 ਅਕਤੂਬਰ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੰਮ੍ਰਿਤਸਰ ਦੇ ਆਈਸੀਪੀ ਅਟਾਰੀ ਬਾਰਡਰ ’ਤੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾ ਦਿੱਤਾ ਹੈ। ਇਸ ਰਾਸ਼ਟਰੀ ਝੰਡੇ ਦੀ ਉੱਚਾਈ 418 ਫੁੱਟ ਹੈ, ਜਿਸਦਾ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ 3.5 ਕਰੋੜ ਰੁਪਏ ਵਿੱਚ ਲਗਾਇਆ ਗਿਆ ਹੈ। ਇਹ ਫਲੈਗ ਪੋਲ ਗੋਲਡਨ ਗੇਟ ਦੇ ਬਿਲਕੁਲ ਸਾਹਮਣੇ 360 ਫੁੱਟ ਉੱਚੇ ਪੁਰਾਣੇ ਝੰਡੇ ਵਾਲੇ ਖੰਭੇ ਤੋਂ 100 ਮੀਟਰ ਦੀ ਦੂਰੀ ‘ਤੇ ਲਗਾਇਆ ਗਿਆ ਹੈ। ਇਸ ਮੌਕੇ ਕੇਂਦਰੀ ਮੰਤਰੀ ਗਡਕਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਐੱਮ. ਪੀ. ਗੁਰਜੀਤ ਸਿੰਘ ਅੋਜਲਾ ਵੀ ਮੌਜੂਦ ਰਹੇ।
ਮੰਤਰੀ ਨਿਤਿਨ ਗਡਕਰੀ ਅੱਜ ਦੁਪਹਿਰ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚੇ, ਜਿਨ੍ਹਾਂ ਦਾ ਹਵਾਈ ਅੱਡੇ ’ਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਸਵਾਗਤ ਕੀਤਾ। ਉਪਰੰਤ ਗਡਕਰੀ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਤੋਂ ਬਾਅਦ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ ਅਤੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਸਨ।
ਬਾਅਦ ’ਚ ਉਨ੍ਹਾਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਸਾਈਟ ਦਾ ਦੌਰਾ ਕੀਤਾ ਅਤੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਵਿਖੇ ਸਭ ਤੋਂ ਉੱਚੇ ਝੰਡੇ ਦਾ ਉਦਘਾਟਨ ਕੀਤਾ। ਇਸ ਮੋਕੇ ਗਡਕਰੀ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਜ਼ਿੰਦਗੀ ਦਾ ਸੁਨਹਿਰੀ ਦਿਨ ਹੈ। ਉਨ੍ਹਾਂ ਦੀ ਅਟਾਰੀ ਸਰਹੱਦ ’ਤੇ ਇਹ ਪਹਿਲੀ ਫੇਰੀ ਹੈ। ਗਡਕਰੀ ਨੇ ਕਿਹਾ ਕਿ ਐੱਨਐੱਚਏਆਈ ਨੇ ਦੇਸ਼ ਦਾ ਸਭ ਤੋਂ ਉੱਚਾ ਝੰਡਾ ਇੱਥੇ ਲਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਜਗ੍ਹਾ ਰਾਸ਼ਟਰ ਭਗਤੀ ਲਈ ਪ੍ਰੇਰਣਾ ਦੇਣ ਵਾਲੀ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਹੋਰਨਾਂ ਅਨੇਕਾਂ ਕੰਮ ਹੋਏ ਹਨ, ਪਰ ਇਹ ਸਭ ਤੋਂ ਵਿਲੱਖਣ ਅਤੇ ਇਤਿਹਾਸਕ ਕਾਰਜ ਹੈ, ਜਿਸਦੇ ਲਈ ਉਨ੍ਹਾਂ ਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਦੋਰਾਨ ਉਨ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ।
ਸੁਰਿੰਦਰ/ਸੰਜੀਵ
