ਵਾਸ਼ਿੰਗਟਨ, 19 ਅਕਤੂਬਰ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਮਿਸਰ ਨੇ ਇਜ਼ਰਾਈਲ ਅਤੇ ਹਮਾਸ ਦੇ ਅੱਤਵਾਦੀਆਂ ਵਿਚਕਾਰ ਜੰਗ ਪ੍ਰਭਾਵਿਤ ਖੇਤਰ ਗਾਜ਼ਾ ਤੱਕ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਸਹਿਮਤੀ ਦੇ ਦਿੱਤੀ ਹੈ। ਮਿਸਰ ਮਨੁੱਖੀ ਸਹਾਇਤਾ ਭੇਜਣ ਲਈ ਰਾਫਾ ਸਰਹੱਦ ਖੋਲ੍ਹੇਗਾ। ਸ਼ੁਰੂਆਤੀ ਤੌਰ ‘ਤੇ ਸ਼ੁੱਕਰਵਾਰ ਤੱਕ ਗਾਜ਼ਾ ਨੂੰ ਮਨੁੱਖੀ ਸਹਾਇਤਾ ਨਾਲ 20 ਟਰੱਕ ਭੇਜਣ ਲਈ ਸਹਿਮਤੀ ਬਣੀ ਹੈ।
ਬਿਡੇਨ ਨੇ ਇਜ਼ਰਾਈਲ ਤੋਂ ਵਿਸ਼ੇਸ਼ ਜਹਾਜ਼ ਏਅਰ ਫੋਰਸ ਵਨ ‘ਤੇ ਸਵਾਰ ਹੋਣ ਸਮੇਂ ਪੱਤਰਕਾਰਾਂ ਨੂੰ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਆਪਣੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗਾਜ਼ਾ ਨੂੰ ਮਨੁੱਖੀ ਸਹਾਇਤਾ ਸ਼ੁੱਕਰਵਾਰ ਤੱਕ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਿਸਰ ਦੇ ਰਾਸ਼ਟਰਪਤੀ ਸਿਸੀ ਨੇ ਗਾਜ਼ਾ ਤੱਕ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਰਾਫਾ ਬਾਰਡਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੋਵੇਂ ਨੇਤਾ ਮੱਧ ਪੂਰਬ ਵਿੱਚ ਸਥਿਰਤਾ ਬਣਾਈ ਰੱਖਣ, ਸੰਘਰਸ਼ ਨੂੰ ਰੋਕਣ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਸੱਦੇ ‘ਤੇ ਤੁਰੰਤ ਕੰਮ ਕਰਨ ਲਈ ਸਹਿਮਤ ਹੋਏ ਹਨ।
ਇਜ਼ਰਾਈਲੀ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਮਿਸਰ ਦੀ ਸਰਹੱਦ ਤੋਂ ਬੰਬਾਰੀ ਵਾਲੇ ਖੇਤਰ ਵਿੱਚ ਮਨੁੱਖੀ ਸਹਾਇਤਾ ਨੂੰ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ। ਬਿਡੇਨ ਨੇ ਕਿਹਾ ਕਿ ਜਦੋਂ ਉਹ ਇਜ਼ਰਾਈਲ ਗਏ ਸਨ, ਤਾਂ ਉਨ੍ਹਾਂ ਦਾ ਮੁੱਖ ਉਦੇਸ਼ ਗਾਜ਼ਾ ਤੱਕ ਮਾਨਵਤਾਵਾਦੀ ਸਹਾਇਤਾ ਪਹੁੰਚਾਉਣਾ ਅਤੇ ਇਸ ਲਈ ਜਲਦੀ ਪ੍ਰਬੰਧ ਕਰਨਾ ਸੀ।
ਇਸ ਤੋਂ ਪਹਿਲਾਂ ਇਜ਼ਰਾਈਲ ਯਾਤਰਾ ਦੌਰਾਨ ਬਿਡੇਨ ਨੇ ਗਾਜ਼ਾ ਅਤੇ ਪੱਛਮੀ ਬੈਂਕ ਲਈ 100 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਦਾ ਐਲਾਨ ਕੀਤੀ। ਉਨ੍ਹਾਂ ਕਿਹਾ ਕਿ ਇਹ ਮਦਦ ਜੰਗ ਪ੍ਰਭਾਵਿਤ ਅਤੇ ਵਿਸਥਾਪਿਤ ਫਿਲੀਸਤੀਨੀਆਂ ਲਈ ਹੈ। ਅਜਿਹੀ ਵਿਵਸਥਾ ਬਣਾਈ ਜਾਵੇਗੀ ਕਿ ਇਹ ਮਦਦ ਲੋੜਵੰਦ ਲੋਕਾਂ ਤੱਕ ਪਹੁੰਚੇ ਨਾ ਕਿ ਹਮਾਸ ਜਾਂ ਅੱਤਵਾਦੀ ਸਮੂਹਾਂ ਤੱਕ।
ਜ਼ਿਕਰਯੋਗ ਹੈ ਕਿ ਬਿਡੇਨ ਦੇ ਇਜ਼ਰਾਈਲ ਦੌਰੇ ਤੋਂ ਪਹਿਲਾਂ ਗਾਜ਼ਾ ਸ਼ਹਿਰ ਦੇ ਅਲ-ਅਹਲੀ ਹਸਪਤਾਲ ‘ਚ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ‘ਚ ਕਰੀਬ 500 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਮਿਸਰ ਦੇ ਰਾਸ਼ਟਰਪਤੀ ਸਿਸੀ ਸਮੇਤ ਅਰਬ ਨੇਤਾਵਾਂ ਨੇ ਜਾਰਡਨ ‘ਚ ਬਿਡੇਨ ਨਾਲ ਤੈਅ ਬੈਠਕ ਰੱਦ ਕਰ ਦਿੱਤੀ ਸੀ। ਅਰਬ ਦੇਸ਼ਾਂ ਨੇ ਇਸ ਘਟਨਾ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਸੁਰਿੰਦਰ/ਸੰਜੀਵ
