ਨਵੀਂ ਦਿੱਲੀ, 18 ਅਕਤੂਬਰ। ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ਦੌਰਾਨ ਚੀਨੀ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਚੀਨੀ ਦੀ ਬਰਾਮਦ ‘ਤੇ ਪਾਬੰਦੀ 31 ਅਕਤੂਬਰ ਤੋਂ ਅਗਲੇ ਹੁਕਮਾਂ ਤੱਕ ਵਧਾ ਦਿੱਤੀ ਹੈ।
ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਬੁੱਧਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਚੀਨੀ ਦੇ ਨਿਰਯਾਤ ‘ਤੇ ਪਾਬੰਦੀ 31 ਅਕਤੂਬਰ, 2023 ਤੋਂ ਬਾਅਦ ਵੀ ਜਾਰੀ ਰਹੇਗੀ। ਨੋਟੀਫਿਕੇਸ਼ਨ ਅਨੁਸਾਰ ਇਹ ਪਾਬੰਦੀ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ, ਜਿਸ ਵਿੱਚ ਚੀਨੀ ਦੀਆਂ ਸਾਰੀਆਂ ਕਿਸਮਾਂ ਸ਼ਾਮਲ ਹਨ। ਹਾਲਾਂਕਿ, ਨੋਟੀਫਿਕੇਸ਼ਨ ਦੇ ਅਨੁਸਾਰ, ਇਹ ਪਾਬੰਦੀ ਸਬੰਧਤ ਜਨਤਕ ਨੋਟਿਸ ਵਿੱਚ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਸੀਐਕਸਐੱਲ ਅਤੇ ਟੀਆਰਕਿਉ ਕੋਟੇ ਦੇ ਤਹਿਤ ਈਯੂ ਅਤੇ ਅਮਰੀਕਾ ਨੂੰ ਨਿਰਯਾਤ ਕੀਤੀ ਚੀਨੀ ‘ਤੇ ਲਾਗੂ ਨਹੀਂ ਹੋਵੇਗੀ।
ਡੀਜੀਐਫਟੀ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੀਨੀ ਦੀਆਂ ਵਧਦੀਆਂ ਕੀਮਤਾਂ ਕਾਰਨ ਬਰਾਮਦ ‘ਤੇ ਪਾਬੰਦੀ ਜਾਰੀ ਰੱਖਣ ਲਈ ਇਹ ਹੁਕਮ ਜਾਰੀ ਕੀਤਾ ਹੈ। ਡੀਜੀਐਫਟੀ ਨੇ ਪਹਿਲਾਂ 1 ਜੂਨ, 2022 ਤੋਂ ਚੀਨੀ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਿਛਲੀ ਵਾਰ ਭਾਰਤ ਨੇ ਵਿਦੇਸ਼ੀ ਵਿਕਰੀ ਨੂੰ ਰੋਕਣ ਲਈ 2016 ਵਿੱਚ ਚੀਨੀ ਦੀ ਬਰਾਮਦ ‘ਤੇ 20 ਫੀਸਦੀ ਟੈਕਸ ਲਗਾਇਆ ਸੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੀਨੀ ਉਤਪਾਦਕ ਅਤੇ ਬ੍ਰਾਜ਼ੀਲ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਚੀਨੀ ਦੇ ਕਾਰੋਬਾਰ ਨਾਲ ਜੁੜੇ ਸਾਰੇ ਹਿੱਸੇਦਾਰਾਂ ਨੂੰ 17 ਅਕਤੂਬਰ ਤੱਕ ਖੁਰਾਕ ਮੰਤਰਾਲੇ ਦੀ ਵੈੱਬਸਾਈਟ ‘ਤੇ ਆਪਣੇ ਸਟਾਕ ਦਾ ਖੁਲਾਸਾ ਕਰਨ ਲਈ ਅੰਤਿਮ ਚਿਤਾਵਨੀ ਦਿੱਤੀ ਸੀ। ਸਰਕਾਰ ਨੇ ਕਿਹਾ ਸੀ ਕਿ ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
