ਮੁੰਬਈ, 18 ਅਕਤੂਬਰ। ਸਾਊਥ ਫਿਲਮ ਇੰਡਸਟਰੀ ਤੋਂ ਦੁਖਦ ਖਬਰ ਸਾਹਮਣੇ ਆਈ ਹੈ। ਮਲਿਆਲਮ ਫਿਲਮਾਂ ਦੇ ਮਸ਼ਹੂਰ ਅਦਾਕਾਰ ਕੁੰਦਰਾ ਜੌਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੁੰਦਰਾ ਜੌਨੀ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਸਵੇਰੇ 10 ਵਜੇ ਤੋਂ ਅੰਤਿਮ ਦਰਸ਼ਨਾਂ ਲਈ ਕੋਲਮ ਕੜਾਪੱਕੜਾ ਸਪੋਰਟਸ ਕਲੱਬ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਅਦ ਦੁਪਹਿਰ 3.30 ਵਜੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਲਿਜਾਇਆ ਜਾਵੇਗਾ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ 19 ਅਕਤੂਬਰ ਨੂੰ ਸਵੇਰੇ 10 ਵਜੇ ਕਾਂਜੀਰਾਕੋਡ ਸਥਿਤ ਸੇਂਟ ਐਂਥਨੀ ਚਰਚ ਕੰਪਲੈਕਸ ਵਿਖੇ ਕੀਤਾ ਜਾਵੇਗਾ। ਕੁੰਦਰਾ ਜੌਨੀ ਦੀ ਪਤਨੀ ਸਟੈਲਾ ਕੋਲਮ ਦੇ ਇੱਕ ਕਾਲਜ ਵਿੱਚ ਪ੍ਰੋਫੈਸਰ ਹਨ।
ਕੁੰਦਰਾ ਜੌਨੀ ਨੇ ਚਾਰ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਲਗਭਗ 500 ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ। ਕੁੰਦਰਾ ਜੌਨੀ ਨੇ 23 ਸਾਲ ਦੀ ਉਮਰ ਵਿੱਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 1979 ਦੀ ਮਲਿਆਲਮ ਫਿਲਮ ਨਿਤਿਆ ਵਸੰਤਮ ਵਿੱਚ ਇੱਕ 55 ਸਾਲਾ ਵਿਅਕਤੀ ਦੀ ਭੂਮਿਕਾ ਨਿਭਾਈ ਸੀ। ਫਿਰ ਉਨ੍ਹਾਂ ਗੌਡਫਾਦਰ (1991), ਇੰਸਪੈਕਟਰ ਬਲਰਾਮ (1991), ਅਵਨਾਜੀ (1986), ਰਾਜਵਿਨਤੇ ਮਾਕਨ (1986), ਓਰੂ ਸੀਬੀਆਈ ਡਾਇਰੀ ਕੁਰਿੱਪੂ (1988), ਕਿਰੀਡੋਮ (1989), ਓਰੂ ਵਡੱਕਨ ਵੀਰਗਾਥਾ (1989), ਸਮੋਹਮ (1989) ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਮਲਿਆਲਮ ਦੇ ਨਾਲ-ਨਾਲ ਤਾਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ।
ਪਿਛਲੇ ਕੁਝ ਮਹੀਨਿਆਂ ਵਿੱਚ, ਦੱਖਣੀ ਫਿਲਮ ਇੰਡਸਟਰੀ ਦੇ ਕਈ ਕਲਾਕਾਰਾਂ ਦੀ ਮੰਦਭਾਗੀ ਮੌਤ ਦੀਆਂ ਖਬਰਾਂ ਆਈਆਂ ਹਨ। ਕੁਝ ਦਿਨ ਪਹਿਲਾਂ ਤਮਿਲ ਫਿਲਮ ਅਤੇ ਟੀਵੀ ਅਦਾਕਾਰ ਪਵਨ ਸਿੰਘ ਦੀ 25 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਤਾਮਿਲ ਅਦਾਕਾਰ ਮੋਹਨ ਸੜਕ ‘ਤੇ ਮ੍ਰਿਤਕ ਪਾਏ ਗਏ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
