ਮੇਰਠ, 17 ਅਕਤੂਬਰ (ਹਿ.ਸ.)। ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿੱਚ ਅੱਜ ਸਵੇਰੇ ਲੋਹੀਆ ਨਗਰ ਥਾਣਾ ਖੇਤਰ ਵਿੱਚ ਸੱਤਿਆਕਾਮ ਇੰਟਰਨੈਸ਼ਨਲ ਸਕੂਲ ਦੇ ਕੋਲ ਇੱਕ ਘਰ ਵਿੱਚ ਚੱਲ ਰਹੀ ਸਾਬਣ ਬਣਾਉਣ ਵਾਲੀ ਫੈਕਟਰੀ ਦੀ ਛੱਤ ਡਿੱਗ ਗਈ। ਇਸ ਦਾ ਮਲਬਾ ਹਟਾਉਂਦੇ ਸਮੇਂ ਜ਼ਬਰਦਸਤ ਧਮਾਕਾ ਹੋ ਗਿਆ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਐੱਨਡੀਆਰਐੱਫ ਦੀ ਟੀਮ ਵੀ ਪਹੁੰਚ ਗਈ ਹੈ। ਇਹ ਘਰ ਸੰਜੇ ਗੁਪਤਾ ਦਾ ਹੈ। ਆਲੋਕ ਗੁਪਤਾ ਅਤੇ ਗੌਰਵ ਗੁਪਤਾ ਘਰ ਦੇ ਕਿਰਾਏਦਾਰ ਹਨ। ਇਸ ਘਰ ਵਿੱਚ ਸਾਬਣ ਬਣਾਉਣ ਦੀ ਫੈਕਟਰੀ ਚੱਲ ਰਹੀ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ-ਤੇੜੇ ਦੇ ਦੋ-ਤਿੰਨ ਘਰ ਢਹਿ-ਢੇਰੀ ਹੋ ਗਏ। ਸਕੂਲ ਦੀ ਇਮਾਰਤ ਦੇ ਸ਼ੀਸ਼ੇ ਵੀ ਟੁੱਟ ਗਏ।
ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟ੍ਰੇਟ ਦੀਪਕ ਮੀਨਾ ਅਤੇ ਐਸਐਸਪੀ ਰੋਹਿਤ ਸਿੰਘ ਸਾਜਵਾਨ ਸਮੇਤ ਸਾਰੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਇਸ ਜ਼ੋਰਦਾਰ ਧਮਾਕੇ ਕਾਰਨ 33 ਕੇਵੀ ਬਿਜਲੀ ਲਾਈਨ ਦੇ ਖੰਭੇ ਵੀ ਟੁੱਟ ਗਏ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਦੀਪਕ ਮੀਨਾ ਦਾ ਕਹਿਣਾ ਹੈ ਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਸਾਰੇ ਫੈਕਟਰੀ ਦੇ ਕਾਮੇ ਹੋ ਸਕਦੇ ਹਨ। ਦੱਸਿਆ ਗਿਆ ਕਿ ਇਹ ਫੈਕਟਰੀ ਪਿਛਲੇ ਛੇ ਸਾਲਾਂ ਤੋਂ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੀ ਸੀ। ਰੈਸਕਿਊ ਦੌਰਾਨ ਇਮਾਰਤ ਦਾ ਬਾਕੀ ਹਿੱਸਾ ਵੀ ਢਹਿ ਗਿਆ। ਇਸ ਕਾਰਨ ਇੱਕ ਜੇਸੀਬੀ ਚਾਲਕ ਜ਼ਖ਼ਮੀ ਹੋ ਗਿਆ। ਚੰਗਾ ਹੋਇਆ ਕਿ ਅਜੇ ਬੱਚੇ ਸੱਤਿਆਕਾਮ ਸਕੂਲ ਨਹੀਂ ਆਏ ਸਨ । ਜੇਕਰ ਸਕੂਲ ਵਿੱਚ ਬੱਚੇ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਐਸਐਸਪੀ ਰੋਹਿਤ ਸਿੰਘ ਸਜਵਾਨ ਦਾ ਕਹਿਣਾ ਹੈ ਕਿ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਧਮਾਕਾ ਸਾਬਣ ਵਿੱਚ ਵਰਤੇ ਗਏ ਕਿਸੇ ਕੈਮੀਕਲ ਕਾਰਨ ਹੋਇਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
