ਕੋਲਕਾਤਾ, 17 ਅਕਤੂਬਰ (ਹਿ. ਸ.)। ਪੱਛਮੀ ਬੰਗਾਲ ਨਾਲ ਲੱਗਦੀ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਉੱਤਰੀ 24 ਪਰਗਨਾ ਜ਼ਿਲੇ ਦੇ ਅਧੀਨ ਪੈਂਦੇ ਘੋਜਾਡਾਂਗਾ ‘ਚ ਵੱਡੀ ਮਾਤਰਾ ‘ਚ ਸੋਨੇ ਦੀ ਤਸਕਰੀ ਨੂੰ ਨਾਕਾਮ ਕਰ ਦਿੱਤਾ ਹੈ। ਤਸਕਰ ਨੂੰ ਦੋ ਕਿਲੋ ਸੋਨੇ ਸਮੇਤ ਕਾਬੂ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਕੀਮਤ 1 ਕਰੋੜ 25 ਲੱਖ 86 ਹਜ਼ਾਰ 585 ਰੁਪਏ ਦੱਸੀ ਗਈ ਹੈ।
ਇੱਕ ਸ਼ੱਕੀ ਸਕੂਟਰ ਸਵਾਰ ਜੋ ਕਿ ਘੋਜਾਡਾਗਾ (ਦੱਖਣੀਪਾੜਾ) ਤੋਂ ਇਟੰਡਾ ਬਾਜ਼ਾਰ ਵੱਲ ਜਾ ਰਿਹਾ ਸੀ। ਤਲਾਸ਼ੀ ਦੌਰਾਨ ਸਕੂਟਰ ਦੇ ਫਿਲਟਰ ਬਾਕਸ ਦੇ ਕੋਲ ਬਣੇ ਇੰਪ੍ਰੋਵਾਈਜ਼ ਕੈਵਿਟੀ ਵਿਚੋਂ ਸੋਨੇ ਦੀਆਂ ਦੋ ਇੱਟਾਂ ਅਤੇ ਤਿੰਨ ਸੋਨੇ ਦੇ ਬਿਸਕੁਟ ਬਰਾਮਦ ਹੋਏ। ਇਸ ਤੋਂ ਬਾਅਦ ਜਵਾਨਾਂ ਨੇ ਤਸਕਰ ਨੂੰ ਫੜ ਕੇ ਸੋਨਾ ਜ਼ਬਤ ਕਰ ਲਿਆ। ਫੜੇ ਗਏ ਤਸਕਰ ਦੀ ਪਛਾਣ ਕੌਸ਼ਿਕ ਸਰਕਾਰ (33) ਵਜੋਂ ਹੋਈ ਹੈ। ਉਹ ਬਸ਼ੀਰਹਾਟ ਦਾ ਰਹਿਣ ਵਾਲਾ ਹੈ।
ਉਸ ਨੇ ਦੱਸਿਆ ਹੈ ਕਿ ਇਹ ਸੋਨਾ ਭਾਰਤੀ ਤਸਕਰ ਰਫੀਕੁਲ ਨੂੰ ਸੌਂਪਿਆ ਜਾਣਾ ਸੀ। ਪਰ ਜਿਵੇਂ ਹੀ ਉਹ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪਹੁੰਚਿਆ ਤਾਂ ਬੀਐਸਐਫ ਨੇ ਉਸ ਨੂੰ ਸੋਨੇ ਸਮੇਤ ਫੜ ਲਿਆ। ਤਸਕਰ ਅਤੇ ਜ਼ਬਤ ਕੀਤੇ ਗਏ ਸੋਨੇ ਨੂੰ ਕਸਟਮ ਦਫਤਰ ਕੋਲਕਾਤਾ ਨੂੰ ਸੌਂਪ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
