ਚੰਡੀਗੜ੍ਹ, 16 ਅਕਤੂਬਰ (ਹਿ. ਸ.)। ਭਾਰਤੀ ਫੌਜ ਨੇ ਐਤਵਾਰ 15 ਅਕਤੂਬਰ ਨੂੰ ਦੇਰ ਰਾਤ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਲਿਖਿਆ ਗਿਆ ਸੀ ਕਿ ਅਗਨੀਵੀਰ ਅੰਮ੍ਰਿਤਪਾਲ ਨੇ ਆਤਮਹੱਤਿਆ ਕੀਤੀ ਸੀ, ਇਸ ਲਈ ਨਿਯਮਾਂ ਅਨੁਸਾਰ ਉਸ ਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ। ਇਸ ਸਬੰਧੀ ਫੌਜ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਪੋਸਟ ਕੀਤੀ ਗਈ ਸੀ। ਇਸ ‘ਚ ਲਿਖਿਆ ਗਿਆ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।ਅੰਮ੍ਰਿਤਪਾਲ ਦੇ ਅੰਤਿਮ ਸਸਕਾਰ ਮੌਕੇ ਗਾਰਡ ਆਫ ਆਨਰ ਨਹੀਂ ਦਿੱਤਾ ਗਿਆ ਕਿਉਂਕਿ ਇਹ ਸਨਮਾਨ ਆਤਮ-ਹੱਤਿਆ ਕਾਰਨ ਮੌਤ ਹੋਣ ਦੀ ਸੂਰਤ ਵਿੱਚ ਨਹੀਂ ਦਿੱਤਾ ਜਾਂਦਾ।
ਫੌਜ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਮੌਤ ਨਾਲ ਸਬੰਧਤ ਤੱਥਾਂ ਨੂੰ ਲੈ ਕੇ ਗਲਤਫਹਿਮੀਆਂ ਅਤੇ ਗਲਤ ਬਿਆਨੀ ਹੋਈ ਹੈ। ਫੌਜ ਆਪਣੇ ਜਵਾਨਾਂ ਨਾਲ ਇਸ ਆਧਾਰ ‘ਤੇ ਵਿਤਕਰਾ ਨਹੀਂ ਕਰਦੀ ਕਿ ਉਹ ਅਗਨੀਪਥ ਸਕੀਮ ਤੋਂ ਪਹਿਲਾਂ ਜਾਂ ਬਾਅਦ ਵਿਚ ਫੌਜ ਵਿਚ ਸ਼ਾਮਲ ਹੋਏ ਸਨ।ਇਹ ਪਰਿਵਾਰ ਅਤੇ ਭਾਰਤੀ ਫੌਜ ਲਈ ਬਹੁਤ ਵੱਡਾ ਘਾਟਾ ਹੈ ਕਿ ਇਕ ਅਗਨੀਵੀਰ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।ਜਿਕਰਯੋਗ ਹੈ ਕਿ ਅੰਮ੍ਰਿਤਪਾਲ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਫੌਜ ਦੀ ਗੱਡੀ ਦੀ ਬਜਾਏ ਨਿੱਜੀ ਐਂਬੂਲੈਂਸ ਵਿੱਚ ਲਿਆਂਦਾ ਗਿਆ। ਇੱਥੇ ਫੌਜ ਦੇ ਦੋ ਜਵਾਨ ਮ੍ਰਿਤਕ ਦੇਹ ਨੂੰ ਛੱਡਣ ਆਏ ਸਨ।ਉਹ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਨੂੰ ਛੱਡ ਕੇ ਉਥੋਂ ਚਲੇ ਗਏ। ਪਰਿਵਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਅੰਮ੍ਰਿਤਪਾਲ ਨੂੰ ਕੋਈ ਫੌਜੀ ਸਨਮਾਨ ਨਹੀਂ ਮਿਲੇਗਾ? ਇਸ ‘ਤੇ ਉਨ੍ਹਾਂ ਕਿਹਾ ਕਿ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸਿਪਾਹੀ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ, ਇਸ ਲਈ ਉਨ੍ਹਾਂ ਨੂੰ ਫੌਜੀ ਸਨਮਾਨ ਨਹੀਂ ਮਿਲੇਗਾ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
