ਨਵੀਂ ਦਿੱਲੀ, 15 ਅਕਤੂਬਰ। ਤਣਾਅਗ੍ਰਸਤ ਇਜ਼ਰਾਈਲ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੇਂਦਰ ਸਰਕਾਰ ਦੇ ਆਪਰੇਸ਼ਨ ਅਜੇ ਦੇ ਤਹਿਤ ਅੱਜ ਸਵੇਰੇ ਚੌਥੀ ਫਲਾਈਟ ਨਵੀਂ ਦਿੱਲੀ ਪਹੁੰਚੀ। ਇਸ ਉਡਾਣ ਰਾਹੀਂ 274 ਭਾਰਤੀ ਨਾਗਰਿਕ ਸੁਰੱਖਿਅਤ ਆਪਣੇ ਵਤਨ ਪਰਤੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 197 ਭਾਰਤੀ ਨਾਗਰਿਕਾਂ ਦਾ ਤੀਜਾ ਸਮੂਹ ਵਿਸ਼ੇਸ਼ ਉਡਾਣ ਰਾਹੀਂ ਇਜ਼ਰਾਈਲ ਤੋਂ ਰਵਾਨਾ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਸਹੂਲਤ ਲਈ 12 ਅਕਤੂਬਰ ਤੋਂ ਆਪਰੇਸ਼ਨ ਅਜੇ ਤਹਿਤ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਹਨ। ਫਿਲੀਸਤੀਨ ਦੇ ਨਾਮੀ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਜ਼ਰਾਇਲੀ ਸ਼ਹਿਰਾਂ ‘ਤੇ ਕੀਤੇ ਗਏ ਭਿਆਨਕ ਹਵਾਈ ਹਮਲਿਆਂ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਹੈ।
ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਐਕਸ ਹੈਂਡਲ ‘ਤੇ ਚੌਥੀ ਫਲਾਈਟ ਦੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਇਜ਼ਰਾਈਲ ਤੋਂ ਪਹਿਲੀ ਵਿਸ਼ੇਸ਼ ਉਡਾਣ ਵੀਰਵਾਰ ਨੂੰ 212 ਲੋਕਾਂ ਨੂੰ ਲੈ ਕੇ ਰਵਾਨਾ ਹੋਈ ਸੀ। 235 ਭਾਰਤੀ ਨਾਗਰਿਕਾਂ ਦਾ ਦੂਜਾ ਸਮੂਹ ਸ਼ੁੱਕਰਵਾਰ ਦੇਰ ਰਾਤ ਨੂੰ ਰਵਾਨਾ ਹੋਇਆ। ਇਹ ਸਾਰੇ ਭਾਰਤੀ ਨਾਗਰਿਕ ਘਰ ਪਹੁੰਚ ਗਏ ਹਨ। ਨਰਸ, ਵਿਦਿਆਰਥੀ, ਆਈਟੀ ਪੇਸ਼ੇਵਰ ਅਤੇ ਹੀਰਾ ਵਪਾਰੀਆਂ ਸਮੇਤ ਲਗਭਗ 18,000 ਭਾਰਤੀ ਨਾਗਰਿਕ ਇਜ਼ਰਾਈਲ ਵਿੱਚ ਰਹਿੰਦੇ ਹਨ। 7 ਅਕਤੂਬਰ ਨੂੰ ਗਾਜ਼ਾ ਪੱਟੀ ਤੋਂ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਬੇਮਿਸਾਲ ਹਮਲੇ ਤੋਂ ਬਾਅਦ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਆਪਰੇਸ਼ਨ ਅਜੇ ਸ਼ੁਰੂ ਕੀਤਾ ਗਿਆ ਹੈ।
