ਜਲੰਧਰ, 09 ਅਕਤੂਬਰ। ਜਲੰਧਰ ਸ਼ਹਿਰ ’ਚ ਐਤਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਅੱਗ ਵਿੱਚ ਝੁਲਸਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਵਿੱਚ ਦੇਰ ਰਾਤ ਇੱਕ ਘਰ ਵਿੱਚ ਅੱਗ ਲੱਗ ਗਈ, ਜਿਸ ਕਾਰਨ ਘਰ ’ਚ ਮੌਜੂਦ ਰੁਚੀ, ਦੀਆ, ਇੰਦਰਪਾਲ, ਯਸ਼ਪਾਲ ਅਤੇ ਮਨਸ਼ਾ ਝੁਲਸ ਸੜ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਛੇਵੇਂ ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਗ ਸਿਲੰਡਰ ‘ਚ ਧਮਾਕਾ ਹੋਣ ਜਾਂ ਘਰ ‘ਚ ਰੱਖੇ ਫਰਿੱਜ ‘ਚੋਂ ਗੈਸ ਲੀਕ ਹੋਣ ਕਾਰਨ ਲੱਗੀ। ਹਾਲਾਂਕਿ ਕਾਰਨ ਅਜੇ ਸਪੱਸ਼ਟ ਨਹੀਂ ਹੈ। ਇਲਾਕਾ ਵਾਸੀਆਂ ਨੇ ਅੱਗ ਲੱਗਣ ਦੀ ਫਾਇਰ ਬ੍ਰਿਗੇਡ ਸਮੇਤ ਪੁਲਿਸ ਨੂੰ ਸੂਚਨਾ ਦਿੱਤੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਪਰ ਜਦੋਂ ਅੱਗ ‘ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਨੂੰ ਮੌਕੇ ‘ਤੇ ਬੁਲਾਉਣਾ ਪਿਆ।ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਹੀ ਬੁਰੀ ਤਰ੍ਹਾਂ ਸੜੇ ਲੋਕਾਂ ਨੂੰ ਘਰ ‘ਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਦੋ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ। ਉਨ੍ਹਾਂ ਦੋਵਾਂ ਮੈਂਬਰਾਂ ਦੀ ਵੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਮੁਤਾਬਿਕ ਉਨ੍ਹਾਂ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਫਰਿੱਜ ਖਰੀਦਿਆ ਸੀ, ਜਿਸਦੇ ਕੰਪ੍ਰੈਸ਼ਰ ‘ਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਘਰ ‘ਚ ਅੱਗ ਲੱਗ ਗਈ। ਉਸਦੇ ਭਰਾ ਅਤੇ ਬਾਕੀ ਪਰਿਵਾਰ ਨੂੰ ਘਰ ਦੇ ਅੰਦਰੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ, ਜਦੋਂਕਿ ਉਸ ਦੀ ਬਜ਼ੁਰਗ ਭਰਜਾਈ ਘਰ ਦੇ ਬਾਹਰ ਬੈਠੀ ਸੀ, ਉਹ ਸੁਰੱਖਿਅਤ ਹੈ।
ਹਾਲਾਂਕਿ ਇਹ ਹਾਦਸਾ ਕਿਵੇਂ ਹੋਇਆ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਏਡੀਸੀਪੀ ਜਲੰਧਰ ਆਦਿਤਿਆ ਨੇ ਦੱਸਿਆ ਕਿ ਅਵਤਾਰ ਨਗਰ, ਜਲੰਧਰ ਵਿੱਚ ਇੱਕ ਘਰ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਮੌਕੇ ‘ਤੇ ਪਹੁੰਚ ਗਏ। ਘਟਨਾ ‘ਚ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਹਾਦਸੇ ਪਿੱਛੇ ਕੀ ਕਾਰਨ ਹੈ। ਉੱਥੇ ਹੀ ਫਾਇਰ ਬ੍ਰਿਗੇਡ ਨੇ ਦੱਸਿਆ ਸੀ ਕਿ ਘਰ ਦੇ ਅੰਦਰ ਗੈਸ ਦੀ ਬਦਬੂ ਆ ਰਹੀ ਸੀ।
