ਪਟਿਆਲਾ, 08 ਅਕਤੂਬਰ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਖੇਡ ਸੱਭਿਆਚਾਰ ਪੈਦਾ ਕੀਤਾ ਹੈ, ਜਿਸ ਲਈ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ।
ਸਿਹਤ ਮੰਤਰੀ ਅੱਜ ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਬਾਰਾਂਦਾਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਵੱਲੋਂ ਆਪਣੇ ਆਈ ਹੈਰੀਟੇਜ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਗਈ ਸੱਤਵੀਂ ਹੈਰੀਟੇਜ ਵਾਕ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲਣ ਲਈ ਉਚੇਚੇ ਯਤਨ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕੇ।
ਤੰਦਰੁਸਤ ਰਹਿਣ ਲਈ ਲੋਕਾਂ ਨੂੰ ਕੁਦਰਤੀ ਆਹਾਰ, ਰੁੱਖਾਂ, ਕੁਦਰਤ ਅਤੇ ਸੈਰ ਕਰਨ ਨਾਲ ਜੁੜਨ ਦਾ ਸੱਦਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੀ ਸੈਰ ਨੂੰ ਸਾਨੂੰ ਆਪਣੀ ਰੋਜ਼ਮਰ੍ਹਾ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਨਾਲਾਇਕੀਆਂ ਕਰਕੇ ਕੁਦਰਤੀ ਆਫ਼ਤਾਂ ਆ ਰਹੀਆਂ ਹਨ, ਇਸ ਲਈ ਸਾਨੂੰ ਵਾਤਾਵਰਣ ਸੰਭਾਲ ਲਈ ਆਪਣਾ ਹਿੱਸਾ ਜਰੂਰ ਪਾਉਣਾ ਚਾਹੀਦਾ ਹੈ।
ਡਾ. ਬਲਬੀਰ ਸਿੰਘ ਨੇ ਪਟਿਆਲਾ ਫਾਊਂਡੇਸ਼ਨ ਅਤੇ ਇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ ਆਹਲੂਵਾਲੀਆ ਵੱਲੋਂ ਵਿਰਸੇ ਨੂੰ ਸੰਭਾਲਣ ਅਤੇ ਇਸ ਨਾਲ ਲੋਕਾਂ ਨੂੰ ਜੋੜਨ ਸਮੇਤ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਯਤਨਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਫਾਊਂਡੇਸ਼ਨ ਦੀ ਇਸ ਸ਼ਾਨਦਾਰ ਪਹਿਲਕਦਮੀ ਨੇ ਲੋਕਾਂ ਨੂੰ ਪਟਿਆਲਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਬਾਰਾਂਦਾਰੀ ਬਾਗ ਨਾਲ ਜੋੜਿਆ ਹੈ।
