ਮਾਨਸਾ, 08 ਅਕਤੂਬਰ (ਹਿ. ਸ.)। ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੇ ਦਿਸ਼ਾ—ਨਿਰਦੇਸ਼ਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸ੍ਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਕਣਕ ਦਾ ਬੀਜ ਸਬਸਿਡੀ ਦੀ ਰਕਮ ਕੱਟ ਕੇ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦਾ ਬੀਜ ਸਬਸਿਡੀ ’ਤੇ ਦੇਣਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਸਬਸਿਡੀ ਵਾਲਾ ਬੀਜ ਪ੍ਰਾਪਤ ਕਰਨ ਨਹੀ ਆਨਲਾਈਨ ਪੋਰਟਲ www.agrimachinerypb.com ’ਤੇ ਆਈ.ਡੀ. ਬਣਾ ਕੇ ਨਿਰਧਾਰਤ ਪ੍ਰੋਫਾਰਮੇ ਵਿੱਚ 31 ਅਕਤੂਬਰ 2023 ਤੱਕ ਬਿਨੈ ਪੱਤਰ ਭਰ ਸਕਦੇ ਹਨ। ਇਸ ਉਪਰੰਤ ਵਿਭਾਗ ਵੱਲੋਂ ਮੰਨਜੂਰੀ ਪੱਤਰ (Sanction Letter) ਆਨਲਾਈਨ ਜਾਰੀ ਕੀਤਾ ਜਾਵੇਗਾ, ਜਿਸ ਦਾ ਸੰਦੇਸ਼ ਕਿਸਾਨ ਦੇ ਮੋਬਾਇਲ ’ਤੇ ਆਵੇਗਾ। ਕਿਸਾਨ ਆਪਣੀ ਆਈ.ਡੀ. ਤੋਂ
ਇਹ ਸੈਂਕਸ਼ਨ ਪੱਤਰ ਡਾਊਨਲੋਡ ਕਰ ਸਕਣਗੇ ਅਤੇ ਇਸ ਸੈਂਕਸ਼ਨ ਪੱਤਰ ਨੂੰ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟ ਜਾਂ ਬਲਾਕ ਪੱਧਰ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੈਰੀਫਿਕੇਸ਼ਨ ਉਪਰੰਤ ਆਨਲਾਈਨ ਪਰਮਿਟ ਜਾਰੀ ਕਰੇਗਾ, ਜਿਸ ਨਾਲ ਕਿਸਾਨ ਮਿਆਰੀ ਤਸਦੀਕਸ਼ੁਦਾ ਬੀਜ ਘੱਟ ਰੇਟ ’ਤੇ ਖਰੀਦ ਸਕਣਗੇ। ਉਨ੍ਹਾਂ ਦੱਸਿਆ ਕਿ ਹਾੜੀ 2023—24 ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਕਿਸਾਨਾਂ ਨੂੰ ਮਿਆਰੀ ਕਣਕ ਦਾ ਬੀਜ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ 12000 ਕੁਇੰਟਲ ਬੀਜ ਦਾ ਟੀਚਾ ਪ੍ਰਾਪਤ ਹੋਇਆ ਹੈ। ਕਣਕ ਦੇ ਤਸਦੀਕਸੁਦਾ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦੀ ਰਕਮ ਕੱਟ ਕੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਤੀ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ’ਤੇ ਸਬਿਸਡੀ ਦਿੱਤੀ ਜਾਵੇਗੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਖੇਤੀਬਾੜੀ ਵਿਭਾਗ ਦੇ ਦਫਤਰ ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨ ਖੁੱਲ੍ਹੇ ਰਹਿਣਗੇ।
