ਨਵਾਂਸ਼ਹਿਰ, 0 8 ਅਕਤੂਬਰ । ਜੁਗਾੜੂ ਰੇਹੜਾ ਯੂਨੀਅਨ (ਇਫਟੂ) ਨੇ ਜੁਗਾੜੂ ਰੇਹੜਾ ਵਰਕਰਾਂ ਨੇ ਦੁਆਬਾ ਜੋਨ ਦੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਅੱਜ ਜੁਗਾੜੂ ਰੇਹੜਾ ਵਰਕਰਜ਼ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲਾ ਪ੍ਰਧਾਨ ਨਿੱਕੂ ਜੇਮਜ ਮਸੀਹ ਦੀ ਪ੍ਰਧਾਨਗੀ ਵਿਚ ਨਵਾਂਸ਼ਹਿਰ ਵਿਖੇ ਹੋਈ ਯੂਨੀਅਨ ਦੀ ਮੀਟਿੰਗ ਵਿਚ ਕੀਤਾ ਗਿਆ।ਦੋਆਬਾ ਜੋਨ ਦੀ ਕਮੇਟੀ ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ, ਜਿਲਾ ਜਲੰਧਰ ਅਤੇ ਜਿਲਾ ਹੁਸ਼ਿਆਰਪੁਰ ਦੇ ਨੁਮਾਇੰਦੇ ਸ਼ਾਮਲ ਹੋਣਗੇ ਜਿਹਨਾਂ ਦੀ ਮੀਟਿੰਗ ਨਵਾਂਸ਼ਹਿਰ ਵਿਖੇ 14 ਅਕਤੂਬਰ ਨੂੰ ਹੋਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾਈ ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਸੂਬਾਈ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਨਵਾਂ ਟਰਾਂਸਪੋਰਟ ਐਕਟ ਲਿਆ ਕੇ 15 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਅਤੇ 10 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਨੂੰ ਬੰਦ ਕਰਕੇ ਇਹਨਾਂ ਨੂੰ ਕਬਾੜ ਐਲਾਨਣ ਦੀ ਤਿਆਰੀ ਕੱਸ ਰਹੀ ਹੈ।
ਜੋ ਕਿ ਆਟੋ ਵਾਹਨ ਮਾਲਕਾਂ ਲਈ ਬਹੁਤ ਵੱਡੀ ਸੱਟ ਹੋਵੇਗੀ।ਉਹਨਾਂ ਕਿਹਾ ਕਿ ਜੁਗਾੜੂ ਰੇਹੜਾ ਵਰਕਰ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ ਪਰ ਸਰਕਾਰ ਇਹ ਜੁਗਾੜੂ ਰੇਹੜੇ ਬੰਦ ਕਰਾਉਣ ਤੇ ਉਤਾਰੂ ਹੈ।ਸਰਕਾਰ ਦਾ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਯੂਨੀਅਨ ਦੇ ਜਿਲਾ ਪ੍ਰਧਾਨ ਨਿੱਕੂ ਜੇਮਜ ਮਸੀਹ ਅਤੇ ਜਿਲਾ ਸਕੱਤਰ ਤਿਲਕ ਰਾਜ ਰਾਹੋਂ ਨੇ ਕਿਹਾ ਕਿ ਜੁਗਾੜੂ ਰੇਹੜਾ ਜਥੇਬੰਦੀ ਨੂੰ ਪੰਜਾਬ ਪੱਧਰ ਉੱਤੇ ਉਸਾਰਿਆ ਜਾਵੇਗਾ।ਇਸ ਮੀਟਿੰਗ ਨੂੰ ਦਲਜੀਤ ਕੁਮਾਰ, ਅਮ੍ਰਿਤ ਪਾਸਵਾਨ, ਬੀਰ ਬਹਾਦਰ,ਰਾਜੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
