ਫ਼ਤਹਿਗੜ੍ਹ ਸਾਹਿਬ / ਬੱਸੀ ਪਠਾਣਾਂ, 08 ਅਕਤੂਬਰ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਤਹਿਤ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਪੀ.ਐਚ.ਸੀ ਨੰਦਪੁਰ ਕਲੌੜ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਭੂਪਿੰਦਰ ਸਿੰਘ ਨੇ ਐਲ.ਐਚ.ਵੀ ਤੇ ਏ.ਐਨ.ਐਮ ਦੀ ਮੀਟਿੰਗ ਕੀਤੀ। ਇਸ ਮੌਕੇ ਡਾ. ਭੂਪਿੰਦਰ ਸਿੰਘ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਦਾ ਦੂਜਾ ਰਾਊਂਡ ਮਿਤੀ 9 ਅਕਤੂਬਰ 2023 ਤੋਂ 14 ਅਕਤੂਬਰ 2023 ਤਕ ਚੱਲੇਗਾ। ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਕਿਸੇ ਕਾਰਨ ਕਰਕੇ ਜਾਂ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਜੋ ਬੱਚੇ ਅਤੇ ਗਰਭਵਤੀ ਮਾਵਾਂ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ। ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਇੰਦਰਧਨੁਸ਼ ਦਾ ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ 20 ਨਵੰਬਰ ਤੋਂ 25 ਨਵੰਬਰ ਤੱਕ ਹੈ। ਮਿਸ਼ਨ ਇੰਦਰ ਧਨੁਸ਼ ਤਹਿਤ ਬਲਾਕ ਪੀ.ਐਚ.ਸੀ ਨੰਦਪੁਰ ਕਲੌੜ ਵਿਚ ਵੱਖ ਵੱਖ ਥਾਂਵਾਂ ਤੇ ਸੈਸ਼ਨ (ਕੈਂਪ) ਲਗਾਏ ਜਾ ਰਹੇ ਹਨ, ਜਿੰਨ੍ਹਾ ਵਿਚੋਂ ਕੁੱਝ ਕੈਂਪ ਹਾਈ ਰਿਸਕ ਥਾਵਾਂ ਵਿੱਚ ਲਗਾਏ ਜਾਣੇ ਹਨ, ਜਿੰਨ੍ਹਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹੈ। ਇਸ ਮਿਸ਼ਨ ਤਹਿਤ ਉਸਾਰੀ ਅਧੀਨ ਇਮਾਰਤਾਂ, ਭੱਠਿਆਂ, ਪਥੇਰਾਂ ਅਤੇ ਸ਼ੈੱਲਰਾਂ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ ਅਤੇ ਯੂਵਿਨ ਪੋਰਟਲ ’ਤੇ ਇੰਦਰਾਜ ਕੀਤਾ ਜਾਵੇਗਾ। ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਦਸੰਬਰ 2023 ਤੱਕ ਐਮ.ਆਰ.ਦਾ ਟੀਚਾ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ, ਜਿਹੜੇ ਬੱਚੇ ਐਮ.ਆਰ ਦੀ ਪਹਿਲੀ ਅਤੇ ਦੂਸਰੀ ਖੁਰਾਕ ਤੋਂ ਵਾਂਝੇ ਹਨ, ਜਿੰਨ੍ਹਾਂ ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ, ਉਹਨਾਂ ਦਾ ਇਸ ਮੁਹਿੰਮ ਤਹਿਤ ਟੀਕਾਕਰਣ ਕੀਤਾ ਜਾਵੇਗਾ।
