ਪਟਿਆਲਾ, 08 ਅਕਤੂਬਰ। ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਅੱਜ ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਅਧਿਕਾਰੀਆਂ, ਤਹਿਸੀਲਦਾਰਾਂ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ, ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੇ ਖਰੀਦ ਕਾਰਜਾਂ ਦੀ ਸਮੀਖਿਆ ਕਰਦੇ ਹੋਏ, ਨਮੀ ਦੀ ਮਾਤਰਾ ਤੈਅ ਮਿਆਰਾਂ ਤੋਂ ਜ਼ਿਆਦਾ ਨਾ ਹੋਣ ਦੇਣ ਦਾ ਖ਼ਾਸ ਖ਼ਿਆਲ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਰੀਦ ਪ੍ਰਕਿਰਿਆ ਵਿੱਚ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ, ਇਹ ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੈ ਕਿ ਨਮੀ ਦੀ ਮਾਤਰਾ ਦੇ ਨਿਸ਼ਚਿਤ ਮਿਆਰਾਂ ਅਨੁਸਾਰ ਹੀ ਉਪਜ ਦੀ ਆਮਦ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਤਬਦੀਲੀਆਂ ਦੇ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦੇ ਮੱਦੇਨਜ਼ਰ, ਜੇ ਸਵੇਰੇ ਸੁਵੱਖਤੇ ਜਾਂ ਦੇਰ ਸ਼ਾਮ ਝੋਨੇ ਕਟਾਈ ਜਾਰੀ ਰਹਿੰਦੀ ਹੈ ਤਾਂ ਨਮੀ ਦੀ ਮਾਤਰਾ ਵੀ ਵਧੇਗੀ, ਇਸ ਲਈ, ਸਾਨੂੰ, ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ, ਉਹ ਭਾਰਤ ਸਰਕਾਰ ਦੁਆਰਾ ਨਿਰਧਾਰਤ ਮਾਣਕਾਂ ਦੇ ਅਨੁਸਾਰ ਨਮੀ ਦੀ ਮਾਤਰਾ ਅਤੇ ਹੋਰ ਮਿਆਰਾਂ ਨੂੰ ਯਕੀਨੀ ਬਣਾਉਣ ਲਈ, ਸਵੇਰੇ ਜਲਦ ਅਤੇ ਦੀ ਸ਼ਾਮ ਨੂੰ ਫ਼ਸਲ ਦੀ ਵਾਢੀ ਤੋਂ ਗ਼ੁਰੇਜ਼ ਕਰਨ।
ਸਾਕਸ਼ੀ ਸਾਹਨੀ ਨੇ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸੀਜ਼ਨ ਦੇ ਸਿਖ਼ਰ ਦੇ ਮੱਦੇਨਜ਼ਰ ਮੰਡੀਆਂ ”ਚ ਆਮਦ ਦੀ ਤੇਜ਼ੀ ਨੂੰ ਮੁੱਖ ਰੱਖਦੇ ਹੋਏ ਢੁਕਵੇਂ ਪ੍ਰਬੰਧ ਅਤੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ, ਕਿਉਂਕਿ ਅਜੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਘੱਟ ਹੈ।
ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਇੰਨ-ਸੀਟੂ ਜਾਂ ਐਕਸ-ਸੀਟੂ ਪ੍ਰਬੰਧਨ ਤਕਨੀਕਾਂ ਨਾਲ ਨਿਪਟਾਉਣ ਅਤੇ ਵਾਤਾਵਰਣ ਨੂੰ ਧੂੰਏਂ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਜ਼ਰੂਰਤ ਹੈ ਤਾਂ ਉਹ ਇਸ ਸਬੰਧੀ ਵਟਸ ਐਪ ਚੈਟ ਬੋਟ ਨੰਬਰ 7380016070 ”ਤੇ ਆਪਣੇ ਨੇੜੇ ਮੌਜੂਦ ਮਸ਼ੀਨਰੀ ਦੀ ਜਾਣਕਾਰੀ ਲੈ ਸਕਦੇ ਹਨ, ਇਸ ਸਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
