ਨਵੀਂ ਦਿੱਲੀ, 07 ਅਕਤੂਬਰ। ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਇਹ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ। ਮੈਚ ਵਿੱਚ ਭਾਰਤੀ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਜਦੋਂ ਮੈਚ ਰੋਕਿਆ ਗਿਆ ਤਾਂ ਅਫਗਾਨਿਸਤਾਨ ਨੇ 18.2 ਓਵਰਾਂ ‘ਚ ਪੰਜ ਵਿਕਟਾਂ ‘ਤੇ 112 ਦੌੜਾਂ ਬਣਾ ਲਈਆਂ ਸਨ। ਲਗਾਤਾਰ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਭਾਰਤ ਨੂੰ ਮੈਚ ਦਾ ਜੇਤੂ ਐਲਾਨ ਦਿੱਤਾ ਗਿਆ।
ਬਿਹਤਰ ਰੈਂਕਿੰਗ ਕਰਕੇ ਮਿਲਿਆ ਸੋਨ ਤਗਮਾ
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਏਸ਼ੀਆਈ ਖੇਡਾਂ ‘ਚ ਪੁਰਸ਼ ਕ੍ਰਿਕਟ ਈਵੈਂਟ ਦਾ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ। ਆਈਸੀਸੀ ਟੀ-20 ਰੈਂਕਿੰਗ ਦੇ ਆਧਾਰ ‘ਤੇ ਭਾਰਤ ਨੂੰ ਜੇਤੂ ਐਲਾਨਿਆ ਗਿਆ। ਟੀਮ ਇੰਡੀਆ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹੈ। ਉਥੇ ਹੀ ਅਫਗਾਨਿਸਤਾਨ 10ਵੇਂ ਸਥਾਨ ‘ਤੇ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਪਹਿਲੀ ਵਾਰ ਸੋਨ ਤਮਗਾ ਜਿੱਤ ਲਿਆ ਹੈ।
