ਹਾਂਗਜ਼ੂ, 07 ਅਕਤੂਬਰ। ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੀ ਝੋਲੀ ਵਿੱਚ ਇੱਕ ਹੋਰ ਗੋਲਡ ਮੈਡਲ ਆਇਆ ਹੈ। ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਦੀ ਭਾਰਤੀ ਜੋੜੀ ਨੇ ਬੈਡਮਿੰਟਨ ਪੁਰਸ਼ ਡਬਲਜ਼ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਭਾਰਤੀ ਜੋੜੀ ਨੇ ਦੱਖਣੀ ਕੋਰੀਆ ਦੀ ਜੋੜੀ ਚੋਈ ਸੋਲਗਿਊ ਅਤੇ ਕਿਮ ਵੋਨਹੋ ਨੂੰ ਸਿੱਧੇ ਸੈੱਟਾਂ ਵਿੱਚ 21-18 ਅਤੇ 21-16 ਨਾਲ ਹਰਾਇਆ। ਭਾਰਤ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਬੈਡਮਿੰਟਨ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਭਾਰਤੀ ਜੋੜੀ ਨੇ ਫਾਈਨਲ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ। ਇਸ ਦੌਰਾਨ ਕੋਰੀਆਈ ਜੋੜੀ ਨੇ ਭਾਰਤੀ ਖਿਡਾਰੀਆਂ ਨੂੰ ਟੱਕਰ ਦਿੱਤੀ। ਇੱਕ ਸਮੇਂ ਕੋਰੀਆਈ ਜੋੜੀ ਭਾਰਤੀ ਜੋੜੀ ਤੋਂ ਅੱਗੇ ਸੀ ਪਰ ਭਾਰਤੀ ਜੋੜੀ ਨੇ ਜ਼ਬਰਦਸਤ ਵਾਪਸੀ ਕਰਦਿਆਂ ਪਹਿਲੀ ਗੇਮ 21-18 ਨਾਲ ਜਿੱਤ ਲਈ।
ਸਾਤਵਿਕ-ਚਿਰਾਗ ਦੀ ਭਾਰਤੀ ਜੋੜੀ ਨੇ ਦੂਜੀ ਗੇਮ ਵਿੱਚ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਕੋਰੀਆਈ ਜੋੜੀ ਨੇ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਜੋੜੀ ਨੇ ਆਪਣੀ ਹਮਲਾਵਰ ਖੇਡ ਜਾਰੀ ਰੱਖੀ ਅਤੇ ਦੂਜੀ ਗੇਮ 21-16 ਨਾਲ ਜਿੱਤ ਲਈ। ਇਸ ਦੇ ਨਾਲ ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਦੀ ਭਾਰਤੀ ਜੋੜੀ ਨੇ ਸੋਨ ਤਗਮਾ ਜਿੱਤਿਆ।
