ਸੰਗਰੂਰ, 06 ਅਕਤੂਬਰ (ਹਿ. ਸ.)। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ (ਇਨ ਸੀਟੂ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ) ਅਧੀਨ ਤਿਆਰ ਕੀਤੇ ਪ੍ਰਚਾਰ ਵਾਹਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਅਤੇ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਗਰੂਕਤਾ ਵਾਹਨ ਚਲਾਉਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕਰਨਾ, ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਦੇ ਫਾਇਦੇ ਦੱਸਣੇ ਅਤੇ ਅੱਗ ਲਾਉਣ ਦੇ ਨੁਕਸਾਨਾਂ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵਾਹਨ ਲੜੀਵਾਰ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਬਲਾਕਾਂ ਵਿੱਚ ਜਾ ਕੇ ਪਿੰਡ-ਪਿੰਡ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕਰਨ ਲਈ ਕਿਸਾਨਾਂ ਅੰਦਰ ਜਾਗਰੂਕਤਾ ਪੈਦਾ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਜਾਵੇਗੀ ਤਾਂ ਜੋ ਜ਼ਿਲ੍ਹੇ ਵਿੱਚ ਝੋਨੇ ਦੀ ਨਾੜ (ਪਰਾਲੀ ) ਸਾੜਨ ਅਤੇ ਫਸਲੀ ਰਹਿੰਦ ਖੂਹੰਦ ਸਾੜਨ ਦੀਆਂ ਘਟਨਾਵਾਂ ਨੂੰ ਮੁਕੰਮਲ ਠੱਲ੍ਹ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਆਪਣੇ ਖੇਤਾਂ ਵਿਚ ਹੀ ਵਾਹ ਕੇ ਜਾਂ ਇਸ ਦੀਆਂ ਗੱਠਾਂ ਬੰਨਵਾ ਕੇ ਇਸ ਦੀ ਸੁਚੱਜੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਆਪਣਾ ਬਹੁਮੁੱਲਾ ਯੋਗਦਾਨ ਦੇਣ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
