ਵਾਸ਼ਿੰਗਟਨ, 06 ਅਕਤੂਬਰ (ਹਿ. ਸ.)। ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹਾਵੁਲ ਰਾਣਾ ਦੀ ਅਮਰੀਕਾ ਤੋਂ ਭਾਰਤ ਹਵਾਲਗੀ ਮੁਲਤਵੀ ਕਰ ਦਿੱਤੀ ਗਈ ਹੈ। ਇਕ ਅਮਰੀਕੀ ਅਦਾਲਤ ਨੇ ਉਸਨੂੰ ਪਟੀਸ਼ਨ ਦਾਇਰ ਕਰਨ ਲਈ ਹੋਰ ਸਮਾਂ ਦਿੱਤਾ ਹੈ।
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ 26 ਨਵੰਬਰ 2008 ਨੂੰ ਮੁੰਬਈ ਵਿੱਚ ਹੋਏ ਘਾਤਕ ਅੱਤਵਾਦੀ ਹਮਲੇ ਵਿੱਚ ਉਸਦੀ ਭੂਮਿਕਾ ਲਈ ਭਾਰਤ ਦੁਆਰਾ ਹਵਾਲਗੀ ਦੀ ਬੇਨਤੀ ਤੋਂ ਬਾਅਦ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲਿਆਂ ‘ਚ ਰਾਣਾ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਭਾਰਤ ਨੇ 10 ਜੂਨ, 2020 ਨੂੰ ਸਪੁਰਦਗੀ ਦੇ ਮੱਦੇਨਜ਼ਰ 62 ਸਾਲਾ ਰਾਣਾ ਦੀ ਅਸਥਾਈ ਗ੍ਰਿਫਤਾਰੀ ਦੀ ਮੰਗ ਕਰਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਬਿਡੇਨ ਪ੍ਰਸ਼ਾਸਨ ਨੇ ਰਾਣਾ ਦੀ ਭਾਰਤ ਹਵਾਲਗੀ ਦਾ ਸਮਰਥਨ ਕੀਤਾ ਸੀ। 2 ਅਗਸਤ ਨੂੰ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੇ ਸੰਯੁਕਤ ਰਾਜ ਦੇ ਜ਼ਿਲ੍ਹਾ ਜੱਜ ਡੇਲ ਐਸ ਫਿਸ਼ਰ ਨੇ ਰਾਣਾ ਦੀ ਹੈਬੀਅਸ ਕਾਰਪਸ ਰਿੱਟ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਇਸ ਹੁਕਮ ਖ਼ਿਲਾਫ਼ ਉਸ ਨੇ ਨੌਵੀਂ ਸਰਕਟ ਕੋਰਟ ਵਿੱਚ ਅਪੀਲ ਕੀਤੀ ਸੀ ਕਿ ਸੁਣਵਾਈ ਤੱਕ ਉਸ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ। ਇਸ ਸਬੰਧੀ ਜ਼ਿਲ੍ਹਾ ਜੱਜ ਡੇਲ ਐਸ ਫਿਸ਼ਰ ਨੇ ਨਵਾਂ ਹੁਕਮ ਜਾਰੀ ਕਰਦਿਆਂ ਹਵਾਲਗੀ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤ। ਉਨ੍ਹਾਂ ਸਰਕਾਰ ਦੀਆਂ ਉਨ੍ਹਾਂ ਸਿਫਾਰਿਸ਼ਾਂ ਨੂੰ ਵੀ ਰੱਦ ਕਰ ਦਿੱਤਾ ਕਿ ਰਾਣਾ ਦੀ ਹਵਾਲਗੀ ‘ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ। ਜੱਜ ਨੇ ਕਿਹਾ ਸੀ ਕਿ ਰਾਣਾ ਦੀ ਨੌਵੀਂ ਸਰਕਟ ਕੋਰਟ ਵਿਚ ਅਪੀਲ ਪੂਰੀ ਹੋਣ ਤੱਕ ਭਾਰਤ ਹਵਾਲੇ ਕਰਨ ‘ਤੇ ਰੋਕ ਲਗਾਈ ਗਈ ਹੈ।
ਦੂਜੇ ਪਾਸੇ ਨੌਵੀਂ ਸਰਕਟ ਅਦਾਲਤ ਨੇ ਰਾਣਾ ਦੀ ਦਲੀਲ ਪੇਸ਼ ਕਰਨ ਲਈ ਹੋਰ ਸਮਾਂ ਦੇਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਸੀ। ਅਦਾਲਤ ਨੇ ਇਸ ਬਾਰੇ ਪਹਿਲਾਂ 10 ਅਕਤੂਬਰ ਦਾ ਸਮਾਂ ਦਿੱਤਾ ਸੀ। ਹੁਣ ਅਦਾਲਤ ਦੇ ਨਵੇਂ ਹੁਕਮਾਂ ਅਨੁਸਾਰ ਰਾਣਾ ਨੂੰ 9 ਨਵੰਬਰ ਨੂੰ ਅਦਾਲਤ ਵਿੱਚ ਆਪਣੀ ਦਲੀਲ ਪੇਸ਼ ਕਰਨੀ ਹੈ। ਜਦੋਂ ਕਿ ਸਰਕਾਰ ਨੇ 11 ਦਸੰਬਰ ਤੱਕ ਆਪਣਾ ਪੱਖ ਪੇਸ਼ ਕਰਨਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
