
ਭੋਪਾਲ, 05 ਅਕਤੂਬਰ (ਹਿ. ਸ.)। ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਮੱਧ ਪ੍ਰਦੇਸ਼ ਦੇ ਇੱਕ ਦਿਨ ਦੇ ਦੌਰੇ ‘ਤੇ ਵੀਰਵਾਰ ਨੂੰ ਧਾਰ ਜ਼ਿਲ੍ਹੇ ਦੇ ਮੋਹਨਖੇੜਾ ਪਹੁੰਚੀ। ਉਨ੍ਹਾਂ ਇੱਥੇ ਮੋਹਨਖੇੜਾ ਸਥਿਤ ਪ੍ਰਸਿੱਧ ਜੈਨ ਤੀਰਥ ਸਥਾਨ ‘ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਪੂਜਾ ਕੀਤੀ। ਇਸ ਤੋਂ ਬਾਅਦ ਉਹ ਰਾਜਗੜ੍ਹ ਲਈ ਰਵਾਨਾ ਹੋਈ, ਜਿੱਥੇ ਉਹ ਕਾਂਗਰਸ ਦੀ ਜਨਆਕ੍ਰੋਸ਼ ਰੈਲੀ ਦੀ ਸਭਾ ਨੂੰ ਸੰਬੋਧਨ ਕਰਨਗੇ।
ਪ੍ਰਿਅੰਕਾ ਗਾਂਧੀ ਵਾਡਰਾ ਵੀਰਵਾਰ ਸਵੇਰੇ ਹਵਾਈ ਜਹਾਜ਼ ਰਾਹੀਂ ਇੰਦੌਰ ਆਈ ਅਤੇ ਦੁਪਹਿਰ 12 ਵਜੇ ਦੇ ਕਰੀਬ ਹੈਲੀਕਾਪਟਰ ਰਾਹੀਂ ਮੋਹਨਖੇੜਾ ਹੈਲੀਪੈਡ ਪਹੁੰਚੀ, ਜਿੱਥੇ ਕਾਂਗਰਸ ਵਿਧਾਇਕ ਜੀਤੂ ਪਟਵਾਰੀ, ਵਿਧਾਇਕ ਪ੍ਰਤਾਪ ਗਰੇਵਾਲ, ਉਮੰਗ ਸਿੰਗਾਰ, ਪਾਂਚੀਲਾਲ ਮੇੜਾ, ਕੁਨਾਲ ਚੌਧਰੀ, ਵਾਲਸਿੰਘ ਮੇਦਾ ਪੇਟਲਾਵਦ, ਰਵੀ ਜੋਸ਼ੀ ਖਰਗੋਨ, ਜ਼ਿਲ੍ਹਾ ਇੰਚਾਰਜ ਹੇਮੰਤ ਪਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਕਮਲਨਾਥ, ਸੂਬਾ ਇੰਚਾਰਜ ਰਣਦੀਪ ਸੁਰਜੇਵਾਲਾ ਅਤੇ ਸੁਰੇਸ਼ ਪਚੌਰੀ ਵੀ ਇਕ ਹੋਰ ਹੈਲੀਕਾਪਟਰ ਰਾਹੀਂ ਮੋਹਨਖੇੜਾ ਪਹੁੰਚੇ।
ਪ੍ਰਿਅੰਕਾ ਨੇ ਹੈਲੀਪੈਡ ਤੋਂ ਸਿੱਧਾ ਮੋਹਨਖੇੜਾ ਸਥਿਤ ਗੁਰੂ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਸ਼ਰਧਾਲੂਆਂ ਨਾਲ ਕਰੀਬ 10 ਮਿੰਟ ਤੱਕ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਵੀ ਮੌਜੂਦ ਸਨ। ਮੋਹਨਖੇੜਾ ਤੀਰਥ ਵਿਖੇ ਦਾਦਾ ਗੁਰੂਦੇਵ ਨੂੰ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਰਾਜਗੜ੍ਹ ਪਹੁੰਚਿਆ। ਉਨ੍ਹਾਂ ਰਾਜਗੜ੍ਹ ਵਿੱਚ ਮੰਡੀ ਗੇਟ ਦੇ ਬਿਲਕੁਲ ਸਾਹਮਣੇ ਸਥਾਪਤ ਜਨਨਾਇਕ ਟੰਟਿਆ ਮਾਮਾ ਦੇ ਬੁੱਤ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਨਗਰ ਕੌਂਸਲ ਰਾਜਗੜ੍ਹ ਵੱਲੋਂ ਕਰਵਾਇਆ ਗਿਆ। ਪ੍ਰਿਅੰਕਾ ਜਨ ਸਭਾ ‘ਚ ਪਹੁੰਚ ਚੁੱਕੀ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
