ਸੰਗਰੂਰ, 04 ਸਤੰਬਰ । ਸੰਗਰੂਰ ਜ਼ਿਲ੍ਹੇ ਦੇ ਸੁਨਾਮ ਨੇੜਲੇ ਪਿੰਡ ਛਾਜਲੀ ਦਾ ਜਵਾਨ ਪਰਮਿੰਦਰ ਸਿੰਘ ਦੇਸ਼ ਦੀ ਸੇਵਾ ਕਰਦੇ ਹੋਏ ਕਾਰਗਿਲ ’ਚ ਸ਼ਹੀਦ ਹੋ ਗਿਆ ਹੈ। ਪਰਮਿੰਦਰ ਦਾ ਵਿਆਹ ਇੱਕ ਸਾਲ ਪਹਿਲਾਂ 2 ਅਕਤੂਬਰ ਨੂੰ ਹੋਇਆ ਸੀ। ਪਿੰਡ ਛਾਜਲੀ ਦੀ ਸਰਪੰਚ ਪਰਮਿੰਦਰ ਕੌਰ ਦੇ ਪਤੀ ਸਮਾਜਸੇਵਕ ਇੰਦਰਜੀਤ ਸਿੰਘ ਬਾਵਾ ਧਾਲੀਵਾਲ ਨੇ ਦੱਸਿਆ ਕਿ ਪਿੰਡ ਛਾਜਲੀ ਦੀ ਪੱਤੀ ਸਮਰਾਓ ਦੀ, ਦਾ ਵਾਸੀ ਪਰਮਿੰਦਰ ਸਿੰਘ (25) ਸਿੱਖ ਰੈਜੀਮੈਂਟ 31 ਵਿੱਚ ਪੰਜਾਬ ਦੇ ਕਾਰਗਿਲ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਸੀ।
ਜਿਥੇ ਉਹ ਸ਼ਹੀਦ ਹੋ ਗਿਆ।ਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਸਿੰਘ ਦਾ ਦੂਜਾ ਭਰਾ ਗੁਰਪਿੰਦਰ ਸਿੰਘ ਵੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਅਤੇ ਉਸ ਦੇ ਪਿਤਾ ਗੁਰਜੀਤ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ 7 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ।ਉਨ੍ਹਾਂ ਦੱਸਿਆ ਕਿ ਸ਼ਹੀਦ ਸਿਪਾਹੀ ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਸ਼ਾਮ ਤੱਕ ਪੁੱਜਣ ਦੀ ਸੰਭਾਵਨਾ ਹੈ। ਫੌਜੀ ਜਵਾਨ ਦੀ ਮੌਤ ਤੋਂ ਬਾਅਦ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ।ਮ੍ਰਿਤਕ ਦੇਹ ਪਿੰਡ ਆਉਣ ਤੋਂ ਬਾਅਦ ਸ਼ਹੀਦ ਫੌਜੀ ਦਾ ਉਸਦੇ ਜੱਦੀ ਪਿੰਡ ‘ਚ ਸਸਕਾਰ ਕੀਤਾ ਜਾਵੇਗਾ।
