ਨਵੀਂ ਦਿੱਲੀ, 04 ਅਕਤੂਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ (ਵੀਰਵਾਰ) ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਦੌਰੇ ‘ਤੇ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਕੱਲ੍ਹ ਸਵੇਰੇ ਕਰੀਬ 11:15 ਵਜੇ ਜੋਧਪੁਰ (ਰਾਜਸਥਾਨ) ਵਿੱਚ ਸੜਕਾਂ, ਰੇਲ, ਹਵਾਬਾਜ਼ੀ, ਸਿਹਤ ਅਤੇ ਉੱਚ ਸਿੱਖਿਆ ਵਰਗੇ ਖੇਤਰਾਂ ਵਿੱਚ ਕਰੀਬ 5000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਰੀਬ 3:30 ਵਜੇ ਜਬਲਪੁਰ (ਮੱਧ ਪ੍ਰਦੇਸ਼) ਪਹੁੰਚਣਗੇ। ਉੱਥੇ ਉਹ ਸੜਕ, ਰੇਲ, ਗੈਸ ਪਾਈਪਲਾਈਨ, ਰਿਹਾਇਸ਼ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਖੇਤਰਾਂ ਨਾਲ ਸਬੰਧਤ 12,600 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਰਾਜਸਥਾਨ ਨੂੰ ਤੋਹਫ਼ਾ: ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਜੋਧਪੁਰ ਵਿਖੇ 350 ਬਿਸਤਰਿਆਂ ਵਾਲਾ ‘ਟ੍ਰੋਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ’ ਅਤੇ ਪੂਰੇ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐਮ-ਏਬੀਐੱਚਆਈਐੱਮ) ਤਹਿਤ ਵਿਕਸਤ ਕੀਤੇ ਜਾਣ ਵਾਲੇ ਸੱਤ ਕ੍ਰਿਟੀਕਲ ਕੇਅਰ ਬਲਾਕ ਸ਼ਾਮਲ ਹਨ। ਏਮਸ ਜੋਧਪੁਰ ਵਿਖੇ ‘ਟ੍ਰੋਮਾ, ਐਮਰਜੈਂਸੀ ਅਤੇ ਗੰਭੀਰ ਦੇਖਭਾਲ’ ਲਈ ਏਕੀਕ੍ਰਿਤ ਕੇਂਦਰ 350 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਸ ਵਿੱਚ ਟ੍ਰਾਈਜ, ਡਾਇਗਨੌਸਟਿਕਸ, ਡੇ ਕੇਅਰ, ਵਾਰਡ, ਪ੍ਰਾਈਵੇਟ ਰੂਮ, ਮਾਡਿਊਲਰ ਓਪਰੇਟਿੰਗ ਥੀਏਟਰ, ਆਈਸੀਯੂ ਅਤੇ ਡਾਇਲਸਿਸ ਖੇਤਰ ਵਰਗੀਆਂ ਵੱਖ-ਵੱਖ ਸਹੂਲਤਾਂ ਸ਼ਾਮਲ ਹੋਣਗੀਆਂ। ਇਹ ਮਰੀਜ਼ਾਂ ਨੂੰ ਬਹੁ-ਅਨੁਸ਼ਾਸਨੀ ਅਤੇ ਵਿਆਪਕ ਦੇਖਭਾਲ ਪ੍ਰਦਾਨ ਕਰਕੇ ਸਦਮੇ ਅਤੇ ਸੰਕਟਕਾਲੀਨ ਮਾਮਲਿਆਂ ਦੇ ਪ੍ਰਬੰਧਨ ਵਿੱਚ ਇੱਕ ਸੰਪੂਰਨ ਪਹੁੰਚ ਲਿਆਏਗਾ। ਰਾਜਸਥਾਨ ਭਰ ਵਿੱਚ ਸੱਤ ਕ੍ਰਿਟੀਕਲ ਕੇਅਰ ਬਲਾਕ ਜ਼ਿਲ੍ਹਾ ਪੱਧਰੀ ਨਾਜ਼ੁਕ ਦੇਖਭਾਲ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨਗੇ, ਜਿਸ ਨਾਲ ਰਾਜ ਦੇ ਲੋਕਾਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ‘ਤੇ ਅਤਿ-ਆਧੁਨਿਕ ਟਰਮੀਨਲ ਇਮਾਰਤ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਣਗੇ। ਨਵੀਂ ਟਰਮੀਨਲ ਇਮਾਰਤ, 480 ਕਰੋੜ ਰੁਪਏ ਦੀ ਕੁੱਲ ਲਾਗਤ ਲਗਭਗ 24,000 ਵਰਗ ਮੀਟਰ ਦੇ ਖੇਤਰ ਵਿੱਚ ਵਿਕਸਤ ਕੀਤੀ ਜਾਵੇਗੀ ਅਤੇ ਵਿਅਸਥ ਘੰਟਿਆਂ ਦੌਰਾਨ 2,500 ਯਾਤਰੀਆਂ ਦੀ ਸੇਵਾ ਲਈ ਲੈਸ ਹੋਵੇਗੀ। ਇਹ ਸਲਾਨਾ 35 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰੇਗਾ, ਸੰਪਰਕ ਵਿੱਚ ਸੁਧਾਰ ਕਰੇਗਾ ਅਤੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਆਈਆਈਟੀ ਜੋਧਪੁਰ ਕੈਂਪਸ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਅਤਿ-ਆਧੁਨਿਕ ਕੰਪਲੈਕਸ 1135 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਉੱਚ ਗੁਣਵੱਤਾ ਵਾਲੀ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਅਤਿ-ਆਧੁਨਿਕ ਖੋਜ ਅਤੇ ਨਵੀਨਤਾ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਬੁਨਿਆਦੀ ਢਾਂਚਾ ਬਣਾਉਣ ਵੱਲ ਇੱਕ ਕਦਮ ਹੈ।
ਪ੍ਰਧਾਨ ਮੰਤਰੀ ਰਾਜਸਥਾਨ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ‘ਸੈਂਟਰਲ ਉਪਕਰਨ ਪ੍ਰਯੋਗਸ਼ਾਲਾ’, ਸਟਾਫ਼ ਕੁਆਟਰ ਅਤੇ ‘ਯੋਗਾ ਅਤੇ ਖੇਡ ਵਿਗਿਆਨ ਭਵਨ’ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਰਾਜਸਥਾਨ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਕੇਂਦਰੀ ਲਾਇਬ੍ਰੇਰੀ, 600 ਸਮਰੱਥਾ ਵਾਲੇ ਹੋਸਟਲ ਅਤੇ ਵਿਦਿਆਰਥੀਆਂ ਲਈ ਖਾਣੇ ਦੀ ਸਹੂਲਤ ਦਾ ਨੀਂਹ ਪੱਥਰ ਰੱਖਣਗੇ। ਰਾਜਸਥਾਨ ਵਿੱਚ ਸੜਕੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਵਾਲੇ ਕਦਮ ਵਿੱਚ, ਪ੍ਰਧਾਨ ਮੰਤਰੀ ਐੱਨਐੱਚ-125ਏ ਉੱਤੇ ਜੋਧਪੁਰ ਰਿੰਗ ਰੋਡ ਦੇ ਕਾਰਵਾਰ ਤੋਂ ਡਾਂਗੀਆਵਾਸ ਸੈਕਸ਼ਨ ਨੂੰ ਚਾਰ ਮਾਰਗੀ ਕਰਨ ਸਮੇਤ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਾਲੋਰ (ਐੱਨਐੱਚ-325) ਰਾਹੀਂ ਬਾਲੋਤਰਾ ਦੇ ਸਾਂਡੇਰਾਓ ਸੈਕਸ਼ਨ ਦੇ ਮੁੱਖ ਸ਼ਹਿਰ ਦੇ ਹਿੱਸਿਆਂ ਦੀ ਸੱਤ ਬਾਈਪਾਸ/ਰੀਲਾਈਨਮੈਂਟ ਦਾ ਨਿਰਮਾਣ, ਐੱਨਐੱਚ-25 ਦੇ ਪਚਪਦਰਾ-ਬਾਗੁੰਡੀ ਸੈਕਸ਼ਨ ਨੂੰ ਚਾਰ ਮਾਰਗੀ ਕਰਨ ਦਾ ਪ੍ਰੋਜੈਕਟ, ਇਹ ਸੜਕੀ ਪ੍ਰੋਜੈਕਟ ਲਗਭਗ 1475 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਬਣਾਏ ਜਾਣਗੇ। ਜੋਧਪੁਰ ਰਿੰਗ ਰੋਡ ਸ਼ਹਿਰ ਵਿੱਚ ਟ੍ਰੈਫਿਕ ਦੇ ਦਬਾਅ ਨੂੰ ਘਟਾਉਣ ਅਤੇ ਵਾਹਨ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਹ ਪ੍ਰੋਜੈਕਟ ਖੇਤਰ ਵਿੱਚ ਸੰਪਰਕ ਵਧਾਉਣ, ਵਪਾਰ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਦੋ ਨਵੀਆਂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦੇਣਗੇ। ਇਨ੍ਹਾਂ ਵਿੱਚ ਜੈਸਲਮੇਰ ਤੋਂ ਦਿੱਲੀ ਨੂੰ ਜੋੜਨ ਵਾਲੀ ਨਵੀਂ ਰੇਲਗੱਡੀ – ਰੁਨੀਚਾ ਐਕਸਪ੍ਰੈਸ ਅਤੇ ਮਾਰਵਾੜ ਜੰਕਸ਼ਨ – ਖੰਬਲੀ ਘਾਟ ਨੂੰ ਜੋੜਨ ਵਾਲੀ ਨਵੀਂ ਵਿਰਾਸਤੀ ਰੇਲਗੱਡੀ ਸ਼ਾਮਲ ਹੈ। ਰੁਨੀਚਾ ਐਕਸਪ੍ਰੈਸ ਜੋਧਪੁਰ, ਡੇਗਾਨਾ, ਕੁਚਾਮਨ ਸਿਟੀ, ਫੁਲੇਰਾ, ਰਿੰਗਾਸ, ਸ਼੍ਰੀਮਾਧੋਪੁਰ, ਨੀਮ ਕਾ ਥਾਣਾ, ਨਾਰਨੌਲ, ਅਟੇਲੀ, ਰੇਵਾੜੀ ਤੋਂ ਲੰਘੇਗੀ, ਜਿਸ ਨਾਲ ਰਾਸ਼ਟਰੀ ਰਾਜਧਾਨੀ ਨਾਲ ਸਾਰੇ ਸ਼ਹਿਰਾਂ ਦੀ ਸੰਪਰਕ ਵਿੱਚ ਸੁਧਾਰ ਹੋਵੇਗਾ। ਮਾਰਵਾੜ ਜੰਕਸ਼ਨ-ਖਾਂਬਲੀ ਘਾਟ ਨੂੰ ਜੋੜਨ ਵਾਲੀ ਨਵੀਂ ਵਿਰਾਸਤੀ ਰੇਲਗੱਡੀ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਵਿੱਚ ਰੁਜ਼ਗਾਰ ਪੈਦਾ ਕਰੇਗੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਦੋ ਹੋਰ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਇਨ੍ਹਾਂ ਵਿੱਚ 145 ਕਿਲੋਮੀਟਰ ਲੰਬੀ ‘ਡੇਗਾਨਾ-ਰਾਏ ਕਾ ਬਾਗ’ ਰੇਲ ਲਾਈਨ ਅਤੇ 58 ਕਿਲੋਮੀਟਰ ਲੰਬੀ ‘ਡੇਗਾਨਾ-ਕੁਚਾਮਨ ਸਿਟੀ’ ਰੇਲ ਲਾਈਨ ਦਾ ਦੋਹਰੀਕਰਨ ਕਰਨਾ ਦੇ ਪ੍ਰਾਜੈਕਟ ਸ਼ਾਮਲ ਹਨ।
ਮੱਧ ਪ੍ਰਦੇਸ਼ ਨੂੰ ਤੋਹਫ਼ਾ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਲਾਈਟ ਹਾਊਸ ਪ੍ਰੋਜੈਕਟ ਦਾ ਉਦਘਾਟਨ ‘ਸਭੀ ਕੇ ਲਿਏ ਆਵਾਸ’ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਮਜ਼ਬੂਤ ਕਰੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਤਹਿਤ ਲਗਭਗ 128 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪ੍ਰੋਜੈਕਟ ਨਾਲ 1000 ਤੋਂ ਵੱਧ ਲਾਭਪਾਤਰੀ ਪਰਿਵਾਰਾਂ ਨੂੰ ਲਾਭ ਮਿਲੇਗਾ। ਇਹ ਸਾਰੀਆਂ ਬੁਨਿਆਦੀ ਸਹੂਲਤਾਂ ਦੇ ਨਾਲ, ਪਰ ਕਾਫੀ ਘੱਟ ਸਮੇਂ ’ਚ ਗੁਣਵੱਤਾ ਵਾਲੇ ਮਕਾਨਾਂ ਨੂੰ ਬਣਾਉਣ ਲਈ ਨਵੀਨਤਾਕਾਰੀ ਤਕਨਾਲੋਜੀ ‘ਪ੍ਰੀ-ਇੰਜੀਨੀਅਰਡ ਸਟੀਲ ਸਟ੍ਰਕਚਰਲ ਸਿਸਟਮ ਦੇ ਨਾਲ ਪ੍ਰੀਫੈਬਰੀਕੇਟਿਡ ਸੈਂਡਵਿਚ ਪੈਨਲ ਸਿਸਟਮ’ ਦੀ ਵਰਤੋਂ ਕਰਦਾ ਹੈ।
ਵਿਅਕਤੀਗਤ ਘਰੇਲੂ ਟੂਟੀ ਕੁਨੈਕਸ਼ਨਾਂ ਰਾਹੀਂ ਸੁਰੱਖਿਅਤ ਅਤੇ ਢੁਕਵਾਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਵਜੋਂ ਮੰਡਲਾ, ਜਬਲਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ ਵਿੱਚ 2350 ਕਰੋੜ ਰੁਪਏ ਤੋਂ ਵੱਧ ਦੇ ਕਈ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਸਿਓਨੀ ਜ਼ਿਲ੍ਹੇ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਜਲ ਜੀਵਨ ਮਿਸ਼ਨ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਮੱਧ ਪ੍ਰਦੇਸ਼ ਦੇ ਕਰੀਬ 1575 ਪਿੰਡਾਂ ਨੂੰ ਇਨ੍ਹਾਂ ਪ੍ਰਾਜੈਕਟਾਂ ਨਾਲ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਲਾਭ ਮਿਲੇਗਾ।
ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ 4800 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਐੱਨਐੱਚ 346 ਦੇ ਝਰਖੇੜਾ-ਬਰੇਸ਼ੀਆ-ਢੋਲਖੇੜੀ ਨੂੰ ਜੋੜਨ ਵਾਲੀ ਸੜਕ ਦੇ ਅਪਗ੍ਰੇਡੇਸ਼ਨ ਸਮੇਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਐੱਨਐੱਚ 543 ਦੇ ਬਾਲਾਘਾਟ-ਗੋਂਡੀਆ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ, ਰੂੜੀ ਅਤੇ ਦੇਸ਼ਗਾਓਂ ਨੂੰ ਜੋੜਨ ਵਾਲੇ ਖੰਡਵਾ ਬਾਈਪਾਸ ਨੂੰ ਚਾਰ ਮਾਰਗੀ ਕਰਨਾ, ਐੱਨਐੱਚ 47 ਦੇ ਟੇਮਾਗਾਂਵ ਤੋਂ ਚਿਚੋਲੀ ਸੈਕਸ਼ਨ ਤੱਕ ਚਾਰ ਮਾਰਗੀ, ਬੋਰੇਗਾਂਵ ਤੋਂ ਸ਼ਾਹਪੁਰ ਨੂੰ ਜੋੜਨ ਵਾਲੀ ਸੜਕ ਨੂੰ ਚਾਰ ਮਾਰਗੀ ਕਰਨਾ ਅਤੇ ਸ਼ਾਹਪੁਰ ਤੋਂ ਮੁਕਤਾਈਨਗਰ ਨੂੰ ਜੋੜਨ ਵਾਲੀ ਸੜਕ ਨੂੰ ਚਾਰ ਮਾਰਗੀ ਬਣਾਉਣਾ। ਪ੍ਰਧਾਨ ਮੰਤਰੀ ਐੱਨਐੱਚ 347 ਸੀ ਦੇ ਖਲਘਾਟ ਤੋਂ ਸਰਵਰਦੇਵਲਾ ਨੂੰ ਜੋੜਨ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ 1850 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਕਟਨੀ-ਵਿਜੇਸੋਟਾ (102 ਕਿਲੋਮੀਟਰ) ਅਤੇ ਮਾਰਵਾਸਗ੍ਰਾਮ-ਸਿੰਗਰੌਲੀ (78.50 ਕਿਲੋਮੀਟਰ) ਨੂੰ ਜੋੜਨ ਵਾਲੀ ਰੇਲਵੇ ਲਾਈਨ ਨੂੰ ਦੁੱਗਣਾ ਕਰਨਾ ਸ਼ਾਮਲ ਹੈ। ਇਹ ਦੋਵੇਂ ਪ੍ਰਾਜੈਕਟ ਕਟਨੀ-ਸਿੰਗਰੌਲੀ ਸੈਕਸ਼ਨ ਨੂੰ ਜੋੜਨ ਵਾਲੀ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਪ੍ਰਾਜੈਕਟ ਦਾ ਹਿੱਸਾ ਹਨ। ਇਹ ਪ੍ਰੋਜੈਕਟ ਮੱਧ ਪ੍ਰਦੇਸ਼ ਵਿੱਚ ਰੇਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਗੇ ਜਿਸ ਨਾਲ ਰਾਜ ਵਿੱਚ ਵਪਾਰ ਅਤੇ ਸੈਰ-ਸਪਾਟੇ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਵਿਜੇਪੁਰ-ਔਰੈਯਾਂ-ਫੂਲਪੁਰ ਪਾਈਪਲਾਈਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। 352 ਕਿਲੋਮੀਟਰ ਲੰਬੀ ਪਾਈਪਲਾਈਨ 1750 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ ਹੈ। ਪ੍ਰਧਾਨ ਮੰਤਰੀ ਮੁੰਬਈ ਨਾਗਪੁਰ ਝਾਰਸੁਗੁਡਾ ਪਾਈਪਲਾਈਨ ਪ੍ਰੋਜੈਕਟ ਦੇ ਨਾਗਪੁਰ ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰੋਜੈਕਟ 1100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਗੈਸ ਪਾਈਪਲਾਈਨ ਪ੍ਰੋਜੈਕਟ ਉਦਯੋਗਾਂ ਅਤੇ ਘਰਾਂ ਨੂੰ ਸਾਫ਼ ਅਤੇ ਸਸਤੀ ਕੁਦਰਤੀ ਗੈਸ ਪ੍ਰਦਾਨ ਕਰਨਗੇ, ਅਤੇ ਵਾਤਾਵਰਣ ਵਿੱਚ ਨਿਕਾਸ ਨੂੰ ਘਟਾਉਣ ਵੱਲ ਇੱਕ ਕਦਮ ਹੋਵੇਗਾ। ਪ੍ਰਧਾਨ ਮੰਤਰੀ ਜਬਲਪੁਰ ਵਿੱਚ ਕਰੀਬ 147 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਬਾਟਲਿੰਗ ਪਲਾਂਟ ਦਾ ਉਦਘਾਟਨ ਵੀ ਕਰਨਗੇ।
