ਵਾਸ਼ਿੰਗਟਨ, 04 ਅਕਤੂਬਰ। ਸੰਯੁਕਤ ਰਾਜ ਅਮਰੀਕਾ ਦੇ ਸੰਸਦੀ ਅਤੇ ਰਾਜਨੀਤਿਕ ਇਤਿਹਾਸ ਵਿੱਚ ਪਹਿਲੀ ਵਾਰ ਵਾਪਰੇ ਵੱਡੇ ਨਾਟਕੀ ਘਟਨਾਕ੍ਰਮ ਤੋਂ ਪੂਰੀ ਦੁਨੀਆ ਹੈਰਾਨ ਹੈ। ਇੱਥੇ ਮਜ਼ਬੂਤ ਰਿਪਬਲਿਕਨ ਸੰਸਦ ਮੈਂਬਰ ਕੇਵਿਨ ਮੈਕਕਾਰਥੀ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅਮਰੀਕੀ ਸੰਸਦ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਮੰਗਲਵਾਰ (ਸਥਾਨਕ ਸਮੇਂ ਅਨੁਸਾਰ) ਨੂੰ ਸਪੀਕਰ ਦੇ ਅਹੁਦੇ ਤੋਂ ਮੈਕਕਾਰਥੀ ਨੂੰ ਹਟਾਉਣ ਦੇ ਪੱਖ ‘ਚ ਵੋਟਿੰਗ ਕੀਤੀ। ਅਮਰੀਕਾ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਵੋਟਿੰਗ ਪਹਿਲੀ ਵਾਰ ਹੋਈ ਹੈ। ਇਸ ਨਾਲ ਮੈਕਕਾਰਥੀ ਵੋਟਿੰਗ ਰਾਹੀਂ ਅਹੁਦੇ ਤੋਂ ਹਟਾਏ ਜਾਣ ਵਾਲੇ ਪਹਿਲੇ ਸਪੀਕਰ ਬਣ ਗਏ ਹਨ। ਇਸ ਅਹਿਮ ਘਟਨਾਕ੍ਰਮ ਨੂੰ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਵਿਆਪਕ ਮਹੱਤਵ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮੈਕਕਾਰਥੀ ਨੇ ਕੁੱਲ 269 ਦਿਨਾਂ ਲਈ ਸਦਨ ਦੇ ਸਪੀਕਰ ਵਜੋਂ ਕੰਮ ਕੀਤਾ। ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਸਪੀਕਰ ਦਾ ਇਹ ਦੂਜਾ ਸਭ ਤੋਂ ਛੋਟਾ ਕਾਰਜਕਾਲ ਹੈ। ਮੈਕਕਾਰਥੀ ਨੂੰ 7 ਜਨਵਰੀ 2023 ਨੂੰ ਸਪੀਕਰ ਚੁਣਿਆ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਦਨ ਨੂੰ ਹੁਣ ਨਵੇਂ ਸਪੀਕਰ ਦੀ ਚੋਣ ਕਰਨੀ ਪਵੇਗੀ, ਪਰ ਜਿੱਤ ਲਈ ਕਿਸੇ ਵੀ ਪਾਰਟੀ ਕੋਲ ਲੋੜੀਂਦਾ ਸਮਰਥਨ ਨਹੀਂ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮੈਕਕਾਰਥੀ ਨੇ ਬੰਦ ਦੇ ਖ਼ਤਰੇ ਨੂੰ ਟਾਲਣ ਲਈ ਪ੍ਰਤੀਨਿਧੀ ਸਭਾ ਵਿੱਚ ਫੰਡਿੰਗ ਬਿੱਲ ਪਾਸ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਰਿਪਬਲਿਕਨ ਸੰਸਦ ਮੈਂਬਰ ਨਾਰਾਜ਼ ਸਨ। ਇਸ ਕਾਰਨ ਉਨ੍ਹਾਂ ਨੇ ਮੈਕਕਾਰਥੀ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਖਾਸ ਗੱਲ ਇਹ ਹੈ ਕਿ ਪ੍ਰਤੀਨਿਧੀ ਸਭਾ ‘ਚ ਰਿਪਬਲਿਕਨ ਪਾਰਟੀ ਕੋਲ ਬਹੁਮਤ ਹੈ। ਮੈਕਕਾਰਥੀ ਨੂੰ ਹਟਾਉਣ ਲਈ ਲਿਆਂਦੇ ਗਏ ਮਤੇ ਨੂੰ ਸਦਨ ਵਿਚ 216-210 ਵੋਟਾਂ ਦੇ ਫਰਕ ਨਾਲ ਪਾਸ ਕੀਤਾ ਗਿਆ।
ਸੱਤ ਰਿਪਬਲਿਕਨ ਸੰਸਦ ਮੈਂਬਰਾਂ ਨੇ ਮੈਕਕਾਰਥੀ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ ਦੇ ਹੱਕ ਵਿੱਚ ਵੋਟ ਦਿੱਤੀ। ਇਨ੍ਹਾਂ ਵਿੱਚ ਐਂਡੀ ਬਿਗਸ, ਕੇਨ ਬਕ, ਟਿਮ ਬਰਚੇਟ, ਐਲੀ ਕ੍ਰੇਨ, ਮੈਟ ਗੇਟਜ਼, ਬੌਬ ਗੁੱਡ, ਨੈਨਸੀ ਮੇਸ ਅਤੇ ਮੈਟ ਰੋਸੇਂਡੇਲ ਸ਼ਾਮਲ ਹਨ। ਇਸ ਤੋਂ ਇਲਾਵਾ ਹਾਊਸ ਦੇ ਸਾਰੇ ਡੈਮੋਕ੍ਰੇਟਸ ਨੇ ਮੈਕਕਾਰਥੀ ਨੂੰ ਹਟਾਉਣ ਲਈ ਵੋਟ ਕੀਤਾ। ਹੁਣ ਤੱਕ ਇਹ ਸੰਸਦ ਮੈਂਬਰ ਉਨ੍ਹਾਂ ਦੇ ਕਰੀਬੀ ਮੰਨੇ ਜਾਂਦੇ ਸਨ।
