ਮੁੰਬਈ, 03 ਅਕਤੂਬਰ (ਹਿ. ਸ.)। ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਅਕਸ਼ੇ ਕੁਮਾਰ ਇਸ ਤੋਂ ਪਹਿਲਾਂ ਅਗਸਤ ‘ਚ ਰਿਲੀਜ਼ ਹੋਈ ‘ਓਐੱਮਜੀ 2’ ‘ਚ ਨਜ਼ਰ ਆਏ ਸਨ। ਫਿਲਮ ਨੇ ਬਾਕਸ ਆਫਿਸ ‘ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਜੋ ਦਰਸ਼ਕ ਸਿਨੇਮਾਘਰਾਂ ‘ਚ ‘ਓ ਮਾਈ ਗੌਡ 2’ ਨਹੀਂ ਦੇਖ ਸਕਦੇ ਸਨ, ਉਹ ਹੁਣ ਘਰ ਬੈਠੇ ਹੀ ਫਿਲਮ ਦਾ ਆਨੰਦ ਲੈ ਸਕਦੇ ਹਨ।
ਜਲਦੀ ਹੀ ‘ਓਐਮਜੀ’ ਓਟੀਟੀ ਪਲੇਟਫਾਰਮ ‘ਤੇ ਦਿਖਾਈ ਦੇਵੇਗੀ। ‘ਓਐਮਜੀ 2’ 2012 ਦੀ ‘ਓ ਮਾਈ ਗੌਡ’ ਦਾ ਅਧਿਕਾਰਤ ਸੀਕਵਲ ਹੈ। ਪਿਛਲੀ ਵਾਰ ਇਸ ਦਾ ਨਿਰਦੇਸ਼ਨ ਉਮੇਸ਼ ਸ਼ੁਕਲਾ ਨੇ ਕੀਤਾ ਸੀ। ਇਸ ਦਾ ਸੀਕਵਲ ਅਮਿਤ ਰਾਏ ਨੇ ਡਾਇਰੈਕਟ ਕੀਤਾ ਹੈ। 50 ਕਰੋੜ ਰੁਪਏ ਦੇ ਬਜਟ ਨਾਲ ਬਣੀ ‘ਓਐਮਜੀ 2’ ਨੇ ਬਾਕਸ ਆਫਿਸ ‘ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।
ਖੁਸ਼ੀ ਦੀ ਗੱਲ ਹੈ ਕਿ ਹੁਣ ‘ਓਐਮਜੀ 2’ ਨੈੱਟਫਲਿਕਸ ਦੇ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਦਰਸ਼ਕ ਇਸ ਫਿਲਮ ਨੂੰ 8 ਅਕਤੂਬਰ ਤੋਂ ਨੈੱਟਫਲਿਕਸ ‘ਤੇ ਦੇਖ ਸਕਣਗੇ। ਇਸਦੀ ਘੋਸ਼ਣਾ ਹਾਲ ਹੀ ਵਿੱਚ ਨੈੱਟਫਲਿਕਸ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਕੀਤੀ ਗਈ ਸੀ। ‘ਓਐੱਮਜੀ 2’ ਇੱਕ ਫਿਲਮ ਹੈ ਜੋ ਸੈਕਸ ਐਜੂਕੇਸ਼ਨ ਵਰਗੇ ਗੰਭੀਰ ਵਿਸ਼ਿਆਂ ‘ਤੇ ਆਧਾਰਿਤ ਹੈ।
ਆਪਣੇ ਵਿਸ਼ੇ ਦੇ ਕਾਰਨ, ਫਿਲਮ ਨੂੰ ਸੈਂਸਰ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ ‘ਚ ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ, ਯਾਮੀ ਗੌਤਮ, ਗੋਵਿੰਦ ਨਾਮਦੇਵ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ‘ਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
