ਅੰਮ੍ਰਿਤਸਰ, 03 ਅਕਤੂਬਰ। ਸੋਮਵਾਰ ਦੁਪਹਿਰ ਨੂੰ ਰਾਹੁਲ ਗਾਂਧੀ ਹਰਿਮੰਦਰ ਸਾਹਿਬ ਪੁੱਜੇ ਅਤੇ ਛਬੀਲ ਨੇੜੇ ਭਾਂਡੇ ਧੋਣ ਦੀ ਸੇਵਾ ਕੀਤੀ। ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਦੇਰ ਸ਼ਾਮ ਰਾਹੁਲ ਗਾਂਧੀ ਫਿਰ ਹਰਿਮੰਦਰ ਸਾਹਿਬ ਪੁੱਜੇ। ਇਸ ਦੌਰਾਨ ਉਨ੍ਹਾਂ ਲੰਮਾ ਸਮਾਂ ਪਰਿਕਰਮਾ ਵਿੱਚ ਛਬੀਲ ’ਤੇ ਬੈਠ ਕੇ ਜਲ ਸੇਵਾ ਵੀ ਕੀਤੀ। ਰਾਹੁਲ ਗਾਂਧੀ ਨੂੰ ਪਾਣੀ ਦੀ ਸੇਵਾ ਕਰਦੇ ਦੇਖ ਕੇ ਸ਼ਰਧਾਲੂ ਕਾਫੀ ਹੈਰਾਨ ਹੋਏ ਅਤੇ ਲੋਕਾਂ ਨੇ ਖੁਦ ਉਨ੍ਹਾਂ ਦੇ ਨੇੜੇ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਪਾਣੀ ਵੀ ਲਿਆ।ਇਸ ਦੇ ਨਾਲ ਹੀ ਇਸ ਦੌਰਾਨ ਉਨ੍ਹਾਂ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਗੁਰੂ ਘਰ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਸਫਾਈ ਦੀ ਸੇਵਾ ਵਿੱਚ ਜੁੱਟ ਗਏ। ਉਸ ਨੇ ਕੱਪੜਾ ਫੜ ਕੇ ਰੇਲਿੰਗ ਸਾਫ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਹਰਿਮੰਦਰ ਸਾਹਿਬ ਵਿੱਚ ਸੇਵਾ ਕਰ ਰਹੇ ਨੌਜਵਾਨਾਂ ਨਾਲ ਹੱਥ ਵਟਾਂਉਦੇ ਨਜ਼ਰ ਆਏ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਅੱਜ ਮੰਗਲਵਾਰ ਨੂੰ ਵੀ ਕੁੱਝ ਘੰਟਿਆਂ ’ਚ ਮੁੜ ਹਰਿਮੰਦਰ ਸਾਹਿਬ ਪਹੁੰਚ ਰਹੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕਰ ਸਕਦੇ ਹਨ। ਪਿਛਲੇ ਦਿਨ ਉਨ੍ਹਾਂ ਨੇ ਪਰਿਕਰਮਾ ਵਿੱਚ ਹੀ ਸੇਵਾ ਕੀਤੀ। ਅੰਦਾਜ਼ਾ ਹੈ ਕਿ ਅੱਜ ਉਹ ਇਸ ਦੌਰਾਨ ਲੰਗਰ ਘਰ ਦੀ ਸੇਵਾ ਕਰ ਸਕਦੇ ਹਨ। ਲੰਗਰ ਵਰਤਾਉਣ ਦੇ ਨਾਲ-ਨਾਲ ਬਰਤਨਾਂ ਦੀ ਸੇਵਾ ਵੀ ਕਰਨਗੇ।ਇਸ ਸਮੇਂ ਉਹ ਅੰਮ੍ਰਿਤਸਰ ਦੇ ਰਮਾਦਾ ਹੋਟਲ ਵਿੱਚ ਠਹਿਰੇ ਹੋਏ ਹਨ।
