ਜਲੰਧਰ, 02 ਅਕਤੂਬਰ (ਹਿ. ਸ.)। ਜਲੰਧਰ ਸ਼ਹਿਰ ਦੇ ਪਠਾਨਕੋਟ ਹਾਈਵੇ ’ਤੇ ਵੱਲ ਕਾਨਪੁਰ ‘ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਿੰਨ ਸਕੀਆਂ ਭੈਣਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਲੋਹੇ ਦੇ ਟਰੰਕ ਵਿੱਚ ਬੰਦ ਪਈਆਂ ਮਿਲੀਆਂ। ਤਿੰਨੇ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਮਕਾਨ ਮਾਲਕ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਰਾਤ 11 ਵਜੇ ਥਾਣੇ ਵਿੱਚ ਦਰਜ ਕਰਵਾਈ ਸੀ। ਪੁਲਿਸ ਨੇ ਵੀ ਰਾਤ ਸਮੇਂ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਲੋਕਾਂ ਨੇ ਜਿਸ ਘਰ ‘ਚੋਂ ਬੱਚੀਆਂ ਗਾਇਬ ਹੋਈਆਂ ਸਨ, ਦੇ ਬਾਹਰ ਇੱਕ ਟਰੰਕ ਪਿਆ ਦੇਖਿਆ। ਲੋਕਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਅੰਦਰ ਤਿੰਨੋਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਸਨ। ਜਿਨ੍ਹਾਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਵਿੱਚ 9 ਸਾਲ ਦੀ ਅੰਮ੍ਰਿਤਾ ਕੁਮਾਰੀ, 7 ਸਾਲ ਦੀ ਸਾਕਸ਼ੀ ਅਤੇ 4 ਸਾਲ ਦੀ ਕੰਚਨ ਸ਼ਾਮਲ ਹਨ। ਮਕਸੂਦਾਂ ਥਾਣੇ ਦੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਸੁਸ਼ੀਲ ਮੰਡਲ ਅਤੇ ਮੰਜੂ ਮੰਡਲ ਦੇ 5 ਬੱਚੇ ਹਨ।
ਦੋਵੇਂ ਐਤਵਾਰ ਨੂੰ ਕੰਮ ‘ਤੇ ਗਏ ਹੋਏ ਸਨ। ਜਦੋਂ ਉਹ ਰਾਤ 8 ਵਜੇ ਘਰ ਵਾਪਸ ਆਏ ਤਾਂ ਲੜਕੀਆਂ ਘਰ ਨਹੀਂ ਮਿਲੀਆਂ। ਉਨ੍ਹਾਂ ਨੇ ਸਾਰੀ ਰਾਤ ਭਾਲ ਕੀਤੀ ਪਰ ਉਹ ਨਹੀਂ ਮਿਲੀਆਂ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪਿਤਾ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ‘ਤੇ ਗਿਆ ਹੋਇਆ ਸੀ।ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਲੜਕੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ। ਉਹ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨੇ ਇਹ ਕਤਲ ਕੀਤੇ। ਪੁਲਸ ਨੇ ਬੱਚੀ ਦੇ ਪਿਤਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।ਇਸ ਸਬੰਧੀ ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਲੜਕੀਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਕਤਲ ਨਹੀਂ ਜਾਪਦਾ ਹੈ। ਅਜਿਹਾ ਲਗਦਾ ਹੈ ਕਿ ਲੜਕੀਆਂ ਘਰ ਵਿਚ ਇਕੱਲੀਆਂ ਸਨ। ਅਜਿਹਾ ਹੋ ਸਕਦਾ ਹੈ ਕਿ ਉਹ ਖੇਡਦੇ ਹੋਏ ਟਰੰਕ ਵਿੱਚ ਬੈਠ ਗਈਆਂ ਅਤੇ ਢੱਕਣ ਉੱਪਰੋਂ ਬੰਦ ਹੋ ਗਿਆ। ਜਿਸ ਤੋਂ ਬਾਅਦ ਢੱਕਣ ਨਹੀਂ ਖੁੱਲ੍ਹਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
