ਸਾਂਵਲਿਆਜੀ (ਚਿਤੌੜਗੜ੍ਹ), 02 ਅਕਤੂਬਰ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਚਿਤੌੜਗੜ੍ਹ ਦੇ ਸਾਂਵਲੀਆ ਸੇਠ ਮੰਦਰ ’ਚ ਦਰਸ਼ਨਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਦੀ ਸੰਸਕ੍ਰਿਤੀ ਬਹਾਦਰੀ, ਸ਼ਾਨ ਅਤੇ ਵਿਕਾਸ ਨੂੰ ਨਾਲ ਲੈ ਕੇ ਅੱਗੇ ਵਧਣਾ ਸਿਖਾਉਂਦੀ ਹੈ। ਰਾਜਸਥਾਨ ਕੋਲ ਅਤੀਤ ਦੀ ਵਿਰਾਸਤ ਵੀ ਹੈ, ਵਰਤਮਾਨ ਦੀ ਸਮਰੱਥਾ ਵੀ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਵੀ ਹਨ।
ਜਨ ਸਭਾ ਤੋਂ ਪਹਿਲਾਂ ਮੰਦਰ ਦੇ ਚੌਗਿਰਦੇ ਵਿੱਚ ਹੋਏ ਸੰਖੇਪ ਉਦਘਾਟਨੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਬਾਪੂ ਸਰਬਪੱਖੀ ਵਿਕਾਸ ਦੇ ਹੱਕ ਵਿੱਚ ਸਨ। ਅੱਜ ਦੇਸ਼ ਦੀ ਤਰਜੀਹ ਵਾਂਝੇ ਲੋਕਾਂ ਦਾ ਵਿਕਾਸ ਹੈ। ਵੱਖ-ਵੱਖ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਰਾਜਸਥਾਨ ਦੇ ਵਿਕਾਸ ਵਿੱਚ ਆਮ ਆਦਮੀ ਦੀ ਸਹੂਲਤ ਵਿੱਚ ਵਾਧਾ ਹੋਵੇਗਾ।
ਗੈਸ-ਆਧਾਰਿਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਨੇ ਮਹਿਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਪਾਈਪਲਾਈਨ ਲਗਭਗ 4500 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਪ੍ਰਧਾਨ ਮੰਤਰੀ ਨੇ ਆਬੂ ਰੋਡ ‘ਤੇ ਐੱਚਪੀਸੀਐੱਲ ਦੇ ਐੱਲਪੀਜੀ ਪਲਾਂਟ ਦਾ ਉਦਘਾਟਨ ਵੀ ਕੀਤਾ। ਪਲਾਂਟ ਪ੍ਰਤੀ ਸਾਲ 86 ਲੱਖ ਸਿਲੰਡਰਾਂ ਦੀ ਬਾਟਲਿੰਗ ਅਤੇ ਵੰਡ ਕਰੇਗਾ ਅਤੇ ਪ੍ਰਤੀ ਸਾਲ 0.75 ਮਿਲੀਅਨ ਕਿਲੋਮੀਟਰ ਤੱਕ ਸਿਲੰਡਰ ਲੈ ਕੇ ਜਾਣ ਵਾਲੇ ਟਰੱਕਾਂ ਦੀਆਂ ਯਾਤਰਾਵਾਂ ਦੀ ਗਿਣਤੀ ਘਟਾਏਗਾ, ਜਦੋਂ ਕਿ ਪ੍ਰਤੀ ਸਾਲ ਲਗਭਗ 0.5 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਆਈਓਸੀਐੱਲ ਦੇ ਅਜਮੇਰ ਬਾਟਲਿੰਗ ਪਲਾਂਟ ਵਿੱਚ ਵਾਧੂ ਸਟੋਰੇਜ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ।
ਪ੍ਰਧਾਨ ਮੰਤਰੀ ਨੇ ਐੱਨਐਚ-12 (ਨਵੀਂ ਐੱਨਐੱਚ-52) ‘ਤੇ ਦਰਾਹ-ਝਾਲਾਵਾੜ-ਤੀਨਧਾਰ ਸੈਕਸ਼ਨ ‘ਤੇ 4-ਲੇਨ ਸੜਕ ਦਾ ਉਦਘਾਟਨ ਕੀਤਾ, ਜਿਸ ਦਾ ਨਿਰਮਾਣ 1480 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਪ੍ਰੋਜੈਕਟ ਕੋਟਾ ਅਤੇ ਝਾਲਾਵਾੜ ਜ਼ਿਲ੍ਹਿਆਂ ਵਿੱਚ ਖਾਣਾਂ ਦੇ ਵਿਚਕਾਰ ਉਤਪਾਦਾਂ ਦੀ ਆਵਾਜਾਈ ਦੀ ਸਹੂਲਤ ਦੇਵੇਗਾ। ਉਨ੍ਹਾਂ ਨੇ ਸਵਾਈ ਮਾਧੋਪੁਰ ਵਿਖੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਨੂੰ ਦੋ ਲੇਨ ਤੋਂ ਚਾਰ ਮਾਰਗੀ ਕਰਨ ਅਤੇ ਚੌੜਾ ਕਰਨ ਦਾ ਨੀਂਹ ਪੱਥਰ ਵੀ ਰੱਖਿਆ। ਇਸ ਪ੍ਰੋਜੈਕਟ ਨਾਲ ਸੜਕਾਂ ‘ਤੇ ਭੀੜ-ਭੜੱਕੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਪ੍ਰਧਾਨ ਮੰਤਰੀ ਨੇ ਚਿਤੌੜਗੜ੍ਹ-ਨੀਮਚ ਰੇਲਵੇ ਲਾਈਨ ਅਤੇ ਕੋਟਾ-ਚਿਤੌੜਗੜ੍ਹ ਇਲੈਕਟ੍ਰੀਫਾਈਡ ਰੇਲਵੇ ਲਾਈਨ ਨੂੰ ਦੁੱਗਣਾ ਕਰਨ ਨਾਲ ਸਬੰਧਤ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਇਹ ਪ੍ਰੋਜੈਕਟ 650 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੂਰੇ ਕੀਤੇ ਗਏ ਹਨ ਅਤੇ ਇਸ ਖੇਤਰ ਵਿੱਚ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ। ਉਹ ਰਾਜਸਥਾਨ ਦੇ ਇਤਿਹਾਸਕ ਸਥਾਨਾਂ ‘ਤੇ ਸੈਰ ਸਪਾਟੇ ਨੂੰ ਵੀ ਉਤਸ਼ਾਹਿਤ ਕਰਨਗੇ।
ਪ੍ਰਧਾਨ ਮੰਤਰੀ ਨੇ ਸਵਦੇਸ਼ ਦਰਸ਼ਨ ਯੋਜਨਾ ਤਹਿਤ ਨਾਥਦੁਆਰਾ ਵਿੱਚ ਵਿਕਸਤ ਸੈਰ-ਸਪਾਟਾ ਸਹੂਲਤਾਂ ਦਾ ਉਦਘਾਟਨ ਕੀਤਾ। ਨਾਥਦੁਆਰਾ ਸੰਤ ਵੱਲਭਚਾਰੀਆ ਦੁਆਰਾ ਪ੍ਰਚਾਰੇ ਗਏ ਪੁਸ਼ਟੀ ਮਾਰਗ ਦੇ ਲੱਖਾਂ ਪੈਰੋਕਾਰਾਂ ਲਈ ਆਸਥਾ ਦਾ ਮੁੱਖ ਕੇਂਦਰ ਹੈ। ਨਾਥਦੁਆਰਾ ਵਿਖੇ ਇੱਕ ਆਧੁਨਿਕ ਸੈਲਾਨੀ ਵਿਆਖਿਆ ਅਤੇ ਸੱਭਿਆਚਾਰਕ ਕੇਂਦਰ ਵਿਕਸਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ, ਕੋਟਾ ਦਾ ਸਥਾਈ ਕੈਂਪਸ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
