ਖੰਨਾ, 02 ਅਕਤੂਬਰ (ਹਿ. ਸ.)। ਪੰਜਾਬ ਸਰਕਾਰ ਵਲੋਂ 01 ਅਕਤੂਬਰ ਤੋਂ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਖਰੀਦ ਦੇ ਪਹਿਲੇ ਦਿਨ ਐਤਵਾਰ ਨੂੰ ਵੱਡੀ ਗਿਣਤੀ ’ਚ ਕਿਸਾਨ ਆਪਣੀ ਫਸਲ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਪਹੁੰਚੇ। ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਕਿ ਸਾਉਣੀ ਦੇ ਮੰਡੀਕਰਨ ਸੀਜ਼ਨ 2023-24 ਦੌਰਾਨ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ।
ਗੱਲਬਾਤ ਕਰਦਿਆਂ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਖੰਨਾ ਮੰਡੀ ’ਚ ਝੋਨੇ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 03 ਅਕਤੂਬਰ 2023 ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਵਿਧਾਇਕ ਖੰਨਾ ਤਰੁਣਪ੍ਰੀਤ ਸਿੰਘ ਸੌਂਦ ਖੰਨਾ ਮੰਡੀ ’ਚ ਰਸਮੀ ਤੌਰ ’ਤੇ ਝੋਨੇ ਦੀ ਖਰੀਦ ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਮੀਟਿੰਗ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਮੰਡੀ ’ਚ ਫਸਲ ਵਧੀਆ ਅਤੇ 17 ਤੋਂ 18 ਫੀਸਦੀ ਨਮੀ ਵਾਲੀ ਪਹੁੰਚ ਰਹੀ ਹੈ।
ਹਰਬੰਸ ਰੋਸ਼ਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ 01 ਅਕਤੂਬਰ ਤੋਂ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਪਨਗ੍ਰੇਨ ਦੇ ਇੰਸਪੈਕਟਰ ਹਰਭਜਨ ਸਿੰਘ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਆੜ੍ਹਤੀਆਂ ਵਲੋਂ ਇਕੱਠੇ ਹੋ ਕੇ ਖਰੀਦ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸਾਨ ਰਸਮੀ ਉਦਘਾਟਨ ਹੋਣ ਤੱਕ ਮੰਡੀਆਂ ਵਿੱਚ ਹੀ ਬੈਠੇ ਰਹਿਣ। ਰੋਸ਼ਾ ਨੇ ਕਿਹਾ ਕਿ 01 ਅਕਤੂਬਰ ਤੋਂ ਹੀ ਕਿਸਾਨ ਦਾ ਦਾਣਾ ਦਾਣਾ ਬੋਰੀਆਂ ’ਚ ਪੈ ਰਿਹਾ ਹੈ, ਕਿਸੇ ਵੀ ਕਿਸਾਨ ਨੂੰ ਮੰਡੀ ’ਚ ਰਾਤ ਨਹੀਂ ਕੱਟਣੀ ਪਵੇਗੀ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਫਸਲ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤੇ ’ਚ ਪਾਈ ਜਾਵੇਗੀ।
ਹਰਬੰਸ ਰੋਸ਼ਾ ਨੇ ਦੱਸਿਆ ਕਿ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਦੇ ਨਿਰਦੇਸ਼ਾਂ ਅਨਸਾਰ ਮੰਡੀ ”ਚ ਕਿਸਾਨਾਂ ਦੀ ਸਹੂਲਤ ਲਈ ਸਫ਼ਾਈ, ਪਾਣੀ, ਪਖਾਨੇ, ਤਰਪਾਲਾਂ, ਲਾਈਟਾਂ ਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਮਜ਼ਦੂਰਾਂ ਵਲੋਂ ਫਿਲਹਾਲ ਆਪਣੀ ਹੜ੍ਹਤਾਲ ਵਾਪਸ ਲੈ ਲਈ ਗਈ ਹੈ, ਪਰ ਸਰਕਾਰ ਵਲੋਂ ਉਨ੍ਹਾਂ ਦੀ ਲੋਡਿੰਗ ਮਜ਼ਦੂਰੀ ਦਾ ਰੇਟ ਬਹੁਤ ਘੱਟ ਹੈ, ਜਿਸਦੇ ਲਈ ਉਨ੍ਹਾਂ ਦੀ ਵੀ ਮੰਗ ਹੈ ਕਿ ਸਰਕਾਰ ਮਜ਼ਦੂਰਾਂ ਦੀ ਲੋਡਿੰਗ ਮਜ਼ਦੂਰੀ ’ਚ ਵਾਧਾ ਕਰੇ।
ਕਿਸਾਨ ਸੁੱਕੀ ਫਸਲ ਹੀ ਮੰਡੀ ’ਚ ਲਿਆਉਣ : ਸਕੱਤਰ ਸੁਰਜੀਤ ਸਿੰਘ
ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 01 ਅਕਤੂਬਰ ਤੋਂ ਸਾਉਣੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖੰਨਾ ਮੰਡੀ ’ਚ ਅੱਜ ਤੱਕ ਲਗਭਗ 20 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀ ਪਨਗ੍ਰੇਨ ਵਲੋਂ ਸਰਕਾਰੀ ਲਾਗਤ ਮੁੱਲ 2203 ਰੁਪਏ (ਏ ਗ੍ਰੇਡ) ਨਾਲ ਖਰੀਦ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਅਤੇ ਖੰਨਾ ਮੰਡੀ ਫਸਲ ਦੀ ਖਰੀਦ ਲਈ ਹਰ ਪਾਸਿਓਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਨਮੀ ਦਾ ਮਾਪਦੰਡ 17 ਫੀਸਦੀ ਤੈਅ ਕੀਤਾ ਗਿਆ ਹੈ। ਮੌਸਮ ਵਧੀਆ ਅਤੇ ਸਾਫ਼ ਹੋਣ ਕਰਕੇ ਮੰਡੀ ’ਚ ਵੀ 17 ਤੋਂ 18 ਫੀਸਦੀ ਨਮੀ ਵਾਲਾ ਝੋਨਾ ਪਹੁੰਚ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਫਸਲ ਨੂੰ ਧੁੱਪ ਦੇ ਸਮੇਂ ਸਵੇਰੇ 10 ਤੋਂ 05 ਵਜੇ ਦੇ ਵਿਚਕਾਰ ਕਟਵਾ ਕੇ ਸੁੱਕੀ ਫਸਲ ਮੰਡੀ ’ਚ ਲੈ ਕੇ ਆਉਣ ਤਾਂ ਜੋ ਉਸਦੀ ਨਾਲੋਂ ਨਾਲ ਖਰੀਦ ਸੰਭਵ ਹੋ ਸਕੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
