ਖੰਨਾ, 02 ਅਕਤੂਬਰ। ਜਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਦੀ ਤਰਫ਼ੋਂ ਖੰਨਾ ਅਤੇ ਰਾਏਕੋਟ ਦੇ ਐੱਸ. ਡੀ. ਐੱਮ ਅਤੇ ਬੀ.ਡੀ.ਪੀ.ਓ. ਨੂੰ ਪੱਤਰ ਲਿਖ ਕੇ 3 ਅਕਤੂਬਰ ਨੂੰ ਲੁਧਿਆਣਾ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਹੈ, ਜਿਸ ਦਾ ਵਿਸ਼ਾ ਮਾਲੇਰਕੋਟਲਾ ਜਿਲ੍ਹੇ ਵਿੱਚ ਕੁਝ ਹੋਰ ਖੇਤਰ ਸ਼ਾਮਿਲ ਕਰਨਾ ਹੈ। ਜਿਵੇਂ ਹੀ ਇਹ ਪੱਤਰ ਸੋਸ਼ਲ ਮੀਡੀਆ ”ਤੇ ਵਾਇਰਲ ਹੋਇਆ ਤਾਂ ਖੰਨਾ ਸ਼ਹਿਰ ”ਚ ਹੜਕੰਪ ਮਚ ਗਿਆ। ਸੋਸ਼ਲ ਮੀਡੀਆ ”ਤੇ ਲੋਕਾਂ ਨੇ ਇਹ ਕਹਿ ਕੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਕਿ ਖੰਨਾ ਨੂੰ ਤਾਂ ਜਿਲ੍ਹਾ ਕੀ ਬਣਾਉਣਾ ਸੀ, ਹੁਣ ਇਸ ਨੂੰ ਇਸ ਤੋਂ ਵੀ ਛੋਟੇ ਸ਼ਹਿਰ ਮਾਲੇਰਕੋਟਲਾ ਨਾਲ ਮਿਲਾਇਆ ਜਾ ਰਿਹਾ ਹੈ। ਜਦੋਂ ਇਸ ਮੁੱਦੇ ”ਤੇ ਚਰਚਾ ਵੱਧ ਗਈ ਤਾਂ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸੌਂਦ ਨੇ ਸੋਸ਼ਲ ਮੀਡੀਆ ”ਤੇ ਪੋਸਟ ਪਾ ਕੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ।
ਖੰਨਾ ਤਾਂ ਦੂਰ ਆਪਣੇ ਹਲਕੇ ਦਾ ਇੱਕ ਮੁਹੱਲਾ ਵੀ ਦੂਜੇ ਜਿਲ੍ਹੇ ਨਾਲ ਨਹੀਂ ਜੋੜਨ ਦਿਆਂਗਾ : ਵਿਧਾਇਕ ਸੌਂਦ ਖੰਨਾ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਨੂੰ ਜਿਲ੍ਹਾ ਮਾਲੇਰਕੋਟਲਾ ਨਾਲ ਜੋੜਨ ਸਬੰਧੀ ਡੀਸੀ ਲੁਧਿਆਣਾ ਵੱਲੋਂ ਬੁਲਾਈ ਗਈ ਮੀਟਿੰਗ ਦਾ ਪੱਤਰ ਸੋਸ਼ਲ ਮੀਡੀਆ ”ਤੇ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਸੌਂਦ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੰਦਿਆਂ ਸਾਫ਼ ਸਾਫ਼ ਕਿਹਾ ਕਿ ਖੰਨਾ ਤਾਂ ਦੂਰ ਉਹ ਆਪਣੇ ਹਲਕੇ ਦਾ ਇੱਕ ਮੁਹੱਲਾ ਵੀ ਕਿਸੇ ਹੋਰ ਜਿਲ੍ਹੇ ਨਾਲ ਨਹੀਂ ਜੁੜਨ ਦੇਣਗੇ। ਲੋਕਾਂ ਨੂੰ ਅਜਿਹੀਆਂ ਚਿੱਠੀਆਂ ਵੱਲ ਕੋਈ ਧਿਆਨ ਨਹੀਂ ਦੇਣਾ ਚਾਹੀਦਾ। ਉਹ ਆਪਣੇ ਹਲਕੇ ਅਤੇ ਇੱਥੋਂ ਦੇ ਲੋਕਾਂ ਦੀ ਪੂਰੀ ਵਕਾਲਤ ਕਰਨਗੇ। ਵਿਧਾਇਕ ਸੌਂਦ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਵਿਧਾਇਕ ਨੇ ਆਪਣੀ ਸਰਕਾਰ ਵਿੱਚ ਖੰਨਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨਹੀਂ ਰੱਖੀ, ਸਗੋਂ ਜਿਲ੍ਹਾ ਬਣਾਉਣ ਦੇ ਝੂਠੇ ਵਾਅਦੇ ਕਰਕੇ ਲੋਕਾਂ ਦੀਆਂ ਵੋਟਾਂ ਹਥਿਆ ਲਈਆਂ ਗਈਆਂ। ਸਭ ਤੋਂ ਪਹਿਲਾਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਖੰਨਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਜ਼ੋਰ-ਸ਼ੋਰ ਨਾਲ ਅੱਗੇ ਰੱਖੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕੀਤੀ। ਇਸ ਮੰਗ ਨੂੰ ਪੂਰਾ ਕਰਨ ਲਈ ਉਹ ਦਿਨ-ਰਾਤ ਯਤਨਸ਼ੀਲ ਹਨ। ਅਜਿਹਾ ਕਦੇ ਵੀ ਨਹੀਂ ਹੋ ਸਕਦਾ ਕਿ ਜਿਸ ਸ਼ਹਿਰ ਨੂੰ ਜਿਲ੍ਹਾ ਬਣਾਉਣ ਦੀ ਮੰਗ ਜ਼ੋਰ ਫੜ ਗਈ ਹੋਵੇ, ਉਸ ਨੂੰ ਕਿਸੇ ਹੋਰ ਜ਼ਿਲ੍ਹੇ ਨਾਲ ਮਿਲਾ ਦਿੱਤਾ ਜਾਵੇ। ਵਿਧਾਇਕ ਸੌਂਦ ਨੇ ਅੱਗੇ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਸੋਸ਼ਲ ਮੀਡੀਆ ”ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ, ਪਰ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਖੰਨਾ ਦਾ ਮਾਲੇਰਕੋਟਲਾ ਵਿੱਚ ਰਲੇਵਾਂ ਨਹੀਂ ਕੀਤਾ ਜਾ ਰਿਹਾ ਹੈ, ਜਿੱਥੋਂ ਤੱਕ ਖੰਨਾ ਦੇ ਕੁਝ ਪਿੰਡਾਂ ਨੂੰ ਰਲੇਵੇਂ ਕਰਨ ਦੀ ਗੱਲ ਹੈ, ਉਸਦੇ ਵਿਰੋਧ ਵਿੱਚ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਕੇ ਸਰਕਾਰ ਨੂੰ ਭੇਜੇ ਜਾ ਰਹੇ ਹਨ ਅਤੇ ਇਸਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।
