ਮੈਕਸੀਕੋ ਸਿਟੀ, 02 ਅਕਤੂਬਰ। ਦੱਖਣੀ ਮੈਕਸੀਕੋ ਵਿਚ ਐਤਵਾਰ ਸਵੇਰੇ ਇਕ ਟਰੱਕ ਹਾਦਸੇ ਵਿਚ ਇਕ ਨਾਬਾਲਗ ਲੜਕੀ ਸਮੇਤ 10 ਔਰਤਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 25 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਸਥਾਨਕ ਮੀਡੀਆ ਨੇ ਮੈਕਸੀਕੋ ਦੇ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈ. ਐੱਨ. ਐੱਮ.) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਟਰੱਕ 27 ਕਿਊਬਾ ਪ੍ਰਵਾਸੀਆਂ ਨੂੰ ਲੈ ਕੇ ਦੱਖਣੀ ਸੂਬੇ ਚਿਆਪਾਸ ਦੇ ਪਿਜਿਜਿਆਪਨ-ਟੋਨਾਲਾ ਹਾਈਵੇਅ ‘ਤੇ ਜਾ ਰਿਹਾ ਸੀ। ਇਹ ਹਾਦਸਾ ਇਸ ਹਾਈਵੇਅ ‘ਤੇ ਵਾਪਰਿਆ। ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਡਰਾਈਵਰ ਟਰੱਕ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਉਸ ਦਾ ਕੰਟਰੋਲ ਗੁਆਉਣ ਤੋਂ ਬਾਅਦ ਟਰੱਕ ਪਲਟ ਗਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ।
